ਐਸ ਏ ਐਸ ਨਗਰ, 27 ਜੂਨ (ਗੁਰਵਿੰਦਰ ਸਿੰਘ ਮੋਹਾਲੀ ) ਨੀਰੂ ਬਾਜਵਾ ਦੀ ਬਤੌਰ ਨਿਰਮਾਤਾ ਨਵੀਂ ਫਿਲਮ ‘ਮੁੰਡਾ ਹੀ ਚਾਹੀਦਾ’ 12 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ| ਨੀਰੂ ਬਾਜਵਾ ਦਾ ਕਹਿਣਾਂ ਹੈ ਕਿ ਸਿਨੇਮਾ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਬਲਕਿ ਸਮਾਜ ਦੇ ਵੱਖ ਵੱਖ ਪਹਿਲੂਆਂ ਨਾਲ ਵੀ ਜੁੜਿਆ ਹੋਇਆ ਹੈ| ‘ਬੇਟੀ ਬਚਾਓ-ਬੇਟੀ ਪੜਾਓ’ ਦਾ ਨਾਅਰਾ ਤਾਂ ਅੱਜ ਹਰ ਕੋਈ ਲਾਉਂਦਾ ਹੈ ਪਰ ਅਮਲ ਕੋਈ ਨਹੀਂ ਕਰਦਾ| ਇਹ ਦੁਨਿਆਵੀਂ ਸੱਚਾਈ ਹੈ ਕਿ ਹਰ ਸੱਸ ਨੂੰ ਆਪਣੀ ਨੂੰਹ ਤੋਂ ‘ਮੁੰਡਾ ਹੀ ਚਾਹੀਦਾ’ ਹੈ| ਹੁਣ ਇਸੇ ਵਿਸ਼ੇ ਨੂੰ ਮੁੱਖ ਰੱਖਕੇ ਉਹ ਆਪਣੀ ਨਵੀਂ ਫਿਲਮ ਲੈ ਕੇ ਆ ਰਹੀ ਹੈ| ਨੀਰੂ ਬਾਜਵਾ ਇੰਟਰਟੇਨਮੈਂਟ ਅਤੇ ਸ੍ਰੀ ਨਰੋਤਮਜੀ ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਹ ਫਿਲਮ ਮੁੰਡਾ ਕੁੜੀ ਜੰਮਣ ਦੇ ਫਰਕ ਨੂੰ ਲੈ ਕੇ ਭਰੂਣ ਹੱਤਿਆ ਵਰਗੇ ਸਮਾਜਿਕ ਕਲੰਕ ਦੇ ਖਿਲਾਫ ਬੋਲਦੀ ਹੈ ਜੋ ਇਨ੍ਹਾਂ ਸਮਾਜਿਕ ਕੁਰੀਤੀਆਂ ਖਿਲਾਫ ਲੋਕਾਂ ਨੂੰ ਜਾਗੂਰਕ ਕਰੇਗੀ| ਇਸ ਫਿਲਮ ਵਿੱਚ ਰੂਬੀਨਾ ਬਾਜਵਾ ਤੇ ਹਰੀਸ਼ ਵਰਮਾ ਅਜੀਬੋ ਗਰੀਬ ਕਿਰਦਾਰਾਂ ਵਿੱਚ ਨਜ਼ਰ ਆਉਣਗੇ| ਫਿਲਮ ਦੀ ਟੈਗ ਲਾਇਨ ‘ ਮੁੰਡਾ ਹੀ ਚਾਹੀਦਾ ਤਾਂ ਆਪੇ ਜੰਮੋ’ ਵੀ ਵੱਡੀ ਗੱਲ ਕਹਿੰਦੀ ਹੈ| ਇਸ ਫਿਲਮ ਦੀ ਨਿਰਮਾਤਾ ਟੀਮ ਵਿੱਚ ਨੀਰੂ ਬਾਜਵਾ, ਅੰਕਿਤ ਵਿਜ਼ਨ, ਨਵਦੀਪ ਨਰੂਲਾ, ਗੁਰਜੀਤ ਸਿੰਘ ਅਤੇ ਸੰਤੋਸ਼ ਸੁਭਾਸ਼ ਥੀਟੇ ਦੇ ਨਾਂ ਹਨ| ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਸੰਤੋਸ਼ ਸੁਭਾਸ਼ ਥੀਟੇ ਹਨ| ਫਿਲਮ ਦਾ ਸਕਰੀਨ ਪਲੇਅ ਤੇ ਡਾਇਲਾਗ ਦੀਪ ਜਗਦੀਪ ਜਗਦੇ ਨੇ ਲਿਖੇ ਹਨ| ਫ਼ਿਲਮ ਵਿੱਚ ਰੁਬੀਨਾ ਬਾਜਵਾ, ਨੀਰੂ ਬਾਜਵਾ, ਹਰੀਸ਼ ਵਰਮਾ,ਜਤਿੰਦਰ ਕੌਰ, ਸੀਮਾ ਕੌਸ਼ਲ, ਰਾਜ ਧਾਲੀਵਾਲ,ਹਨੀ ਮੱਟੂ, ਜੱਗੀ ਧੂਰੀ, ਰਵਿੰਦਰ ਮੰਡ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ| ਫਿਲਮ ਦਾ ਸੰਗੀਤ ਗੁਰਮੀਤ ਸਿੰਘ, ਗੁਰਮੋਹ, ਗੁਰਚਰਨ ਸਿੰਘ ਨੇ ਦਿੱਤਾ ਹੈ| ਗੀਤ ਹਰਮਨਜੀਤ, ਹਰਿੰਦਰ ਕੌਰ ਅਤੇ ਕਪਤਾਨ ਨੇ ਲਿਖੇ ਹਨ|