ਮਾਮਲਾ ਆਦਰਸ਼ ਸਕੂਲ ਬਾਲਦ ਖੁਰਦ ਦਾ
ਅੈਸ.ਡੀ.ਅੈਮ ਨੇ ਆਦਰਸ਼ ਸਕੂਲ ਦੀ ਜਾਂਚ ਰਿਪੋਰਟ ਡੀ.ਜੀ.ਐਸ.ਈ ਨੂੰ ਭੇਜੀ

ਭਵਾਨੀਗੜ 27 ਜੂਨ (ਗੁਰਵਿੰਦਰ ਸਿੰਘ} ਨੇੜਲੇ ਪਿੰਡ ਬਾਲਦ ਖੁਰਦ ਵਿਖੇ ਚੱਲ ਰਹੇ ਆਦਰਸ ਸਕੂਲ ਦੇ ਸਟਾਫ ਅਤੇ ਪਿੰਡ ਦੀ ਗ੍ਰਾਮ ਸਭਾ ਵੱਲੋਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੂੰ ਕੀਤੀ ਗਈ ਸ਼ਿਕਾਇਤ ਦੀ ਪੜਤਾਲ ਕਰਵਾ ਕੇ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਨੂੰ ਅਗਲੇਰੀ ਕਾਰਵਾਈ ਹਿੱਤ ਭੇਜ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਭਵਾਨੀਗੜ ਅੰਕੁਰ ਮਹਿੰਦਰੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵੱਲੋਂ ਆਦਰਸ਼ ਸਕੂਲ ਬਾਲਦ ਖੁਰਦ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਸਕੂਲ ਦੇ ਅਧਿਆਪਕਾਂ, ਪਿੰਡ ਵਾਸੀਆਂ, ਸਕੂਲ ਪ੍ਬੰਧਕਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਉਪਰੰਤ ਪੜਤਾਲੀਆ ਰਿਪੋਰਟ ਤਿਆਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਰਿਪੋਰਟ ਦੇ ਆਧਾਰ 'ਤੇ ਉਨ੍ਹਾਂ ਨੇ ਖੁਦ ਵੀ ਸਾਰੀਆਂ ਧਿਰਾਂ ਨਾਲ ਗੱਲਬਾਤ ਕੀਤੀ ਅਤੇ ਤੱਥਾਂ ਨੂੰ ਵਾਚਦੇ ਹੋਏ ਸਬੰਧਤ ਰਿਪੋਰਟ ਡੀ.ਜੀ.ਐਸ.ਈ ਪੰਜਾਬ ਨੂੰ ਭੇਜ ਦਿੱਤੀ ਗਈ ਹੈ। ਸ੍ਰੀ ਮਹਿੰਦਰੂ ਨੇ ਦੱਸਿਆ ਕਿ ਸ਼ਿਕਾਇਤਕਰਤਾਵਾਂ ਨੇ ਆਪਣੀ ਸ਼ਿਕਾਇਤ ਰਾਹੀਂ ਦੱਸਿਆ ਸੀ ਕਿ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਵੱਲੋਂ ਪਿਛਲੇ 2 ਸਾਲਾਂ ਤੋਂ ਵਰਦੀਆਂ, ਬੂਟ, ਜੁਰਾਬਾਂ, ਕਾਪੀਆਂ, ਕਿਤਾਬਾਂ ਅਤੇ ਸਟੇਸ਼ਨਰੀ ਆਦਿ ਨਹੀਂ ਦਿੱਤੀ ਗਈ ਅਤੇ ਨਾ ਹੀ ਸਕੂਲ ਵਿੱਚ ਕਿਸੇ ਤਰ੍ਹਾਂ ਦੀ ਬੁਨਿਆਦੀ ਸੁਵਿਧਾ ਦੀ ਕੋਈ ਸਹੂਲਤ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਅਧਿਆਪਕਾਂ ਤੇ ਦਰਜਾ 4 ਕਰਮਚਾਰੀਆਂ ਨੂੰ 6-6 ਮਹੀਨੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਅਤੇ ਈ.ਪੀ.ਐਫ ਦਾ ਕੋਈ ਵੇਰਵਾ ਹੁਣ ਤੱਕ ਨਹੀਂ ਹੈ। ਐਸ.ਡੀ.ਐਮ ਨੇ ਦੱਸਿਆ ਕਿ ਸ਼ਿਕਾਇਤ ਪੱਤਰ ਵਿੱਚ ਦਰਜ ਵੇਰਵਿਆਂ ਦੇ ਆਧਾਰ 'ਤੇ ਜਾਂਚ ਕਰਨ ਤੋਂ ਬਾਅਦ ਰਿਪੋਰਟ ਅਗਲੇਰੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।