ਐੱਸ ਏ ਐੱਸ ਨਗਰ {ਗੁਰਵਿੰਦਰ ਸਿੰਘ ਮੋਹਾਲੀ} ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਅਧਿਕਾਰੀਆਂ ਨੂੰ ਖੁਲ੍ਹੀਆਂ ਥਾਵਾਂ ਤੇ ਕਰਵਾਏ ਗਏ ਬੋਰਾਂ ਨੂੰ ਭਰਨ ਲਈ ਜੰਗੀ ਪੱਧਰ ਤੇ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਕੋਈ ਹਾਦਸਾ ਨਾ ਵਾਪਰੇ ਅਤੇ ਦੂਜੇ ਪਾਸੇ ਹਾਲਾਤ ਇਹ ਹਨ ਕਿ ਨਜਦੀਕੀ ਪਿੰਡ ਬਲੌਂਗੀ ਵਿੱਚ ਵਸਨੀਕਾਂ ਵਲੋਂ ਆਪਣੇ ਘਰਾਂ ਦੇ ਬਾਹਰ ਗਲੀ ਵਿੱਚ ਇੱਕ ਤੋਂ ਬਾਅਦ ਇੱਕ ਸਬਮਰਸੀਬਲ ਪੰਪ ਦੇ ਬੋਰ ਕਰਵਾਏ ਜਾ ਰਹੇ ਹਨ ਅਤੇ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ| ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਸੰਗਰੂਰ ਜਿਲ੍ਹੇ ਦੇ ਪਿੰਡ ਭਗਵਾਨਪੁਰ ਵਿੱਚ ਇੱਕ ਦੋ ਸਾਲ ਦੇ ਬੱਚੇ ਫਤਹਿਵੀਰ ਸਿੰਘ ਦੀ ਇੱਕ ਖੁਲ੍ਹੇ ਬੋਰ ਵਿੱਚ ਡਿੱਗ ਜਾਣ ਕਾਰਨ ਮੌਤ ਹੋ ਚੁੱਕੀ ਹੈ|ਇਸ ਸੰਬੰਧੀ ਬੀਤੀ 27 ਜੂਨ ਨੂੰ ਪਿੰਡ ਦੀ ਦਸਮੇਸ਼ ਮਾਰਕੀਟ ਗੁਰਦੁਆਰੇ ਨੇੜੇ ਇੱਕ ਗਲੀ ਵਿੱਚ ਕੀਤੇ ਜਾ ਰਹੇ ਅਜਿਹੇ ਹੀ ਇੱਕ ਬੋਰ ਦੀ ਖਬਰ ਵੀ ਪ੍ਕਾਸ਼ਿਤ ਕੀਤੀ ਗਈ ਸੀ ਪਰੰਤੂ ਇਸਦੇ ਬਾਵਜੂਦ ਸੰਬੰਧਿਤ ਅਧਿਕਾਰੀਆਂ ਵਲੋਂ ਇਸਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਅਖੀਰਕਾਰ ਉਸ ਬੋਰ ਦਾ ਕੰਮ ਮੁਕੰਮਲ ਹੋ ਗਿਆ|ਇਸ ਦੌਰਾਨ ਪਿੰਡ ਵਿੱਚ ਦੋ ਹੋਰ ਥਾਵਾਂ ਤੇ ਅਜਿਹੇ ਬੋਰ ਲਗਵਾਉਣ ਦੀ ਗੱਲ ਸਾਮ੍ਣੇ ਆਈ ਹੈ| ਇਹਨਾਂ ਵਿੱਚੋਂ ਇੱਕ ਬੋਰ ਆਦਰਸ਼ ਕਾਲੋਨੀ ਵਿੱਚ ਪ੍ਰੀਤ ਇਲੈਕਟ੍ਰੋਨਿਕ ਦੇ ਬਾਹਰ ਕੀਤਾ ਜਾ ਰਿਹਾ ਹੈ ਤੇ ਦੂਜਾ ਬੋਰ ਵਾਰਡ ਨੰਬਰ 4 ਦੀ ਗੈਸ ਕਾਲੋਨੀ ਵਿੱਚ ਕੀਤਾ ਜਾ ਰਿਹਾ ਹੈ| ਹੈਰਾਨੀ ਦੀ ਗੱਲ ਹੈ ਕਿ ਪਿੰਡ ਵਿੱਚ ਇਸ ਤਰੀਕੇ ਨਾਲ ਗਲੀ ਦੀ ਥਾਂ ਵਿੱਚ ਕਰਵਾਏ ਜਾ ਰਹੇ ਇਹਨਾਂ ਬੋਰਾਂ ਨੂੰ ਰੋਕਣ ਲਈ ਕਿਸੇ ਵੀ ਅਧਿਕਾਰੀ ਜਾਂ ਪੰਚਾਇਤ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਇਹ ਕੰਮ ਧੜੱਲੇ ਨਾਲ ਕੀਤਾ ਜਾ ਰਿਹਾ ਹੈ| ਇਸ ਸੰਬੰਧੀ ਬਲਾਕ ਅਤੇ ਪੰਚਾਇਤ ਵਿਕਾਸ ਦਫਤਰ ਦੇ ਅਧਿਕਾਰੀ ਵੀ ਬੇਬਸ ਨਜਰ ਆਉਂਦੇ ਹਨ ਜਿਹਨਾਂ ਵਲੋਂ ਇਸ ਤਰੀਕੇ ਨਾਲ ਬੋਰ ਕਰਵਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰੰਤੂ ਉਹ ਇਸ ਕੰਮ ਨੂੰ ਰੁਕਵਾਉਣ ਵਿੱਚ ਲਾਚਾਰ ਨਜ਼ਰ ਆਉਂਦੇ ਹਨ|ਇਸ ਸੰਬੰਧੀ ਬਲੌਂਗੀ ਕਾਲੋਨੀ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੰਮ ਸੰਬੰਧਿਤ ਅਧਿਕਾਰੀਆਂ ਅਤੇ ਪੰਚਾਇਤ ਦੀ ਮਿਲੀ ਭੁਗਤ ਨਾਲ ਹੀ ਕੀਤਾ ਜਾਂਦਾ ਹੈ| ਪਿੰਡ ਵਾਸੀ ਕਹਿੰਦੇ ਹਨ ਕਿ ਇਸਤੋਂ ਪਹਿਲਾਂ ਸਰਪੰਚ ਰਹੀ ਬੀਬੀ ਭਿੰਦਰਜੀਤ ਕੌਰ ਦੇ ਕਾਰਜਕਾਲ ਦੌਰਾਨ ਜੇਕਰ ਕੋਈ ਵਿਅਕਤੀ ਅਜਿਹੀ ਕੋਈ ਕਾਰਵਾਈ ਕਰਦਾ ਸੀ ਤਾਂ ਪੰਚਾਇਤ ਵਲੋਂ ਤੁਰੰਤ ਐਕਸ਼ਨ ਲਿਆ ਜਾਂਦਾ ਸੀ ਪਰੰਤੂ ਮੌਜੂਦਾ ਸੰਰਪਚ ਸਰੋਜ ਦੇਵੀ ਤਾਂ ਘਰ ਤੋਂ ਬਾਹਰ ਤਕ ਨਹੀਂ ਨਿਕਲਦੇ ਅਤੇ ਸਰਪੰਚੀ ਦਾ ਕੰਮ ਉਸਦੇ ਪਤੀ ਦਿਨੇਸ਼ ਕੁਮਾਰ ਵਲੋਂ ਹੀ ਕੀਤਾ ਜਾਂਦਾ ਹੈ ਜਿਸ ਵਲੋਂ ਅਜਿਹੇ ਵਿਅਕਤੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ| ਇਹੀ ਕਾਰਨ ਹੈ ਕਿ ਪਿੰਡ ਵਿੱਚ ਜਿੱਥੇ ਨਿਯਮਾਂ ਦੀ ਉਲੰਘਣਾ ਕਰਕੇ ਬਹੁਮੰਜਿਲਾ ਇਮਾਰਤਾਂ ਦੀ ਉਸਾਰੀ ਦਾ ਕੰਮ ਜੋਰ ਫੜ ਰਿਹਾ ਹੈ ਉੱਥੇ ਲੋਕਾਂ ਵਲੋਂ ਆਪਣੇ ਘਰਾਂ ਦੇ ਬਾਹਰ ਗਲੀ ਦੀ ਥਾਂ ਵਿੱਚ ਬੋਰ ਕਰਵਾਏ ਜਾ ਰਹੇ ਹਨ|ਜਦੋਂ ਇਸ ਸੰਬੰਧਿਤ ਬਲੌਂਗੀ ਕਲੋਨੀ ਦੀ ਸਰਪੰਚ ਸਰੋਜਾ ਦੇਵੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਉਹ ਬਾਹਰ ਗਏ ਹੋਏ ਹਨ| ਜਦੋਂ ਇਸ ਸੰਬੰਧੀ ਬੀਡੀਪੀਓ ਸ੍ਰ. ਰਣਜੀਤ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੱਤਰਕਾਰ ਦਾ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ| ਬਲੌਂਗੀ ਦੇ ਪੰਚਾਇਤ ਸਕੱਤਰ ਸ੍ਰ. ਨਿਰਮਲ ਸਿੰਘ ਨੇ ਗੱਲ ਕਰਨ ਤੇ ਕਿਹਾ ਕਿ ਉਹ ਹੁਣੇ ਜਾ ਕੇ ਕੰਮ ਰੁਕਵਾ ਦੇਣਗੇ ਪਰੰਤੂ ਇਹ ਕੰਮ ਉਸੇ ਤਰ੍ਹਾਂ ਚਲ ਰਿਹਾ ਹੈ| ਹਾਲਾਂਕਿ ਉਹਨਾਂ ਕਿਹਾ ਕਿ ਇਹ ਕੰਮ ਪੰਚਾਇਤ ਦਾ ਹੈ ਅਤੇ ਇਸ ਸੰਬੰਧੀ ਪੰਚਾਇਤ ਵਲੋਂ ਮਤਾ ਪਾ ਕੇ ਦਫਤਰ ਨੂੰ ਸੂਚਿਤ ਕਰਨਾ ਬਣਦਾ ਹੈ|ਹਾਲਾਤ ਇਹ ਹਨ ਕਿ ਜੇਕਰ ਕੋਈ ਕਿਸੇ ਵਲੋਂ ਗਲੀ ਵਿੱਚ ਬੋਰ ਕਰਨ ਦੀ ਇਸ ਕਾਰਵਾਈ ਦਾ ਵਿਰੋਧ ਕਰਦਾ ਹੈ ਤਾਂ ਉਸਨੂੰ ਲੋਕਾਂ ਵਲੋਂ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ ਕਿ ਸਰਪੰਚ ਜਾਂ ਕੋਈ ਅਫਸਰ ਇਹਨਾਂ ਨਾਜਾਇਜ਼ ਬੋਰਾਂ ਨੂੰ ਨਹੀਂ ਰੋਕ ਸਕਦਾ ਅਤੇ ਜਿਹੜੇ ਵਿਅਕਤੀ ਇਹਨਾਂ ਬੋਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ ਉਹ ਨਿਯਮਾਂ ਦੀ ਉਲੰਘਣਾ ਕਰਕੇ ਬਣਾਈਆਂ ਜਾ ਰਹੀਆਂ ਬਹੁਮੰਜਿਲਾ ਇਮਾਰਤਾਂ ਦੀ ਉਸਾਰੀ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਹਿੰਮਤ ਕਿੱਥੋਂ ਲਿਆਉਣਗੇ|