'ਵੇਖੋ ਕੁਦਰਤ ਦੇ ਖੇਲ੍, ਪੜ੍ਹਿਆ ਫ਼ਾਰਸੀ ਵੇਚੇ ਤੇਲ।
ਜਦੋਂ ਕੋਈ ਬਚਾ ਪੜ ਕੇ ਵੀ ਆਪਣੇ ਜੋਗਾ ਨਾ ਹੋਵੇ ਤਾ ਕਿੰਨਾ ਦੁੱਖ ਹੁੰਦਾ ਮਾਪਿਆਂ ਨੂੰ

(ਗੁਰਵਿੰਦਰ ਸਿੰਘ ਮੋਹਾਲੀ) ਪੁਰਾਣੇ ਜ਼ਮਾਨੇ 'ਚ ਕੋਈ-ਕੋਈ ਪੜ੍ਦਾ ਸੀ। ਤਕਰੀਬਨ ਹਰ ਪੜ੍ਹੇ-ਲਿਖੇ ਬੰਦੇ ਨੂੰ ਸਰਕਾਰੀ ਨੌਕਰੀ ਜਾਂ ਵਧੀਆ ਰੁਜ਼ਗਾਰ ਮਿਲ ਜਾਂਦਾ ਸੀ। ਜੇਕਰ ਬਦਕਿਸਮਤੀ ਨਾਲ ਉਹ ਵਿਹਲਾ ਹੁੰਦਾ ਜਾਂ ਆਪਣੀ ਕਾਬਲੀਅਤ ਤੋਂ ਘੱਟ ਕੰਮ ਕਰਦਾ ਤਾਂ ਲੋਕ ਇਹ ਕਹਾਵਤ ਵਰਤਦੇ ਸਨ: 'ਵੇਖੋ ਕੁਦਰਤ ਦੇ ਖੇਲ੍, ਪੜ੍ਹਿਆ ਫ਼ਾਰਸੀ ਵੇਚੇ ਤੇਲ।' ਹੁਣ ਜ਼ਮਾਨਾ ਬਦਲ ਚੁੱਕਾ ਹੈ। ਸਾਖਰਤਾ ਦਰ ਵਧ ਗਈ ਹੈ।ਪਰ ਬਹੁਤ ਘੱਟ ਲੋਕਾਂ ਨੂੰ ਚੰਗੀ ਨੌਕਰੀ ਜਾਂ ਵਧੀਆ ਰੁਜ਼ਗਾਰ ਮਿਲਦਾ ਹੈ। ਜੋ ਲੋਕ ਵਧੀਆ ਸੈੱਟ ਹਨ, ਉਹ ਆਟੇ 'ਚ ਲੂਣ ਦੇ ਬਰਾਬਰ ਹਨ। ਹੁਣ 'ਪੜ੍ਹਿਆ ਫ਼ਾਰਸੀ ਵੇਚੇ ਤੇਲ' ਵਾਲੀ ਕਹਾਵਤ ਹਰੇਕ 'ਤੇ ਸਹੀ ਢੁੱਕਦੀ ਜਾਪਦੀ ਹੈ। ਕਾਲਜ, ਯੂਨੀਵਰਸਿਟੀਆਂ ਮਸ਼ਰੂਮ ਵਾਂਗ ਉੱਗ ਰਹੀਆਂ ਹਨ। ਵਿਦਿਆਰਥੀ ਲੱਖਾਂ ਰੁਪਈਆ ਲਗਾ ਕੇ ਡਿਗਰੀਆਂ ਕਰਦੇ ਹਨ। ਮਾਪੇ ਖ਼ੁਦ ਤੰਗ ਹੋ ਕੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਪਰ ਜਦੋਂ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਕਾਬਲ ਨਹੀਂ ਬਣਦੇ ਤਾਂ ਮਾਪਿਆਂ ਨੂੰ ਬੜਾ ਦੁੱਖ ਹੁੰਦਾ ਹੈ। ਪੀਐੱਚਡੀ ਲੋਕ ਦਰਜਾ ਚਾਰ ਦੀਆਂ ਨੌਕਰੀਆਂ ਲਈ ਅਪਲਾਈ ਕਰਦੇ ਹਨ। ਸਿਰਫ਼ 10-15 ਹਜ਼ਾਰ ਦੀ ਕੰਟਰੈਕਟ 'ਤੇ ਸਰਕਾਰੀ ਨੌਕਰੀ ਮਸਾਂ ਨਸੀਬ ਹੁੰਦੀ ਹੈ। ਅੱਜ ਦੇ ਮਹਿੰਗਾਈ ਦੇ ਜ਼ਮਾਨੇ 'ਚ ਇਕ ਕਮਾਊ ਮੈਂਬਰ ਕਿੱਦਾਂ ਸਾਰੇ ਪਰਿਵਾਰ ਦਾ ਖ਼ਰਚਾ ਕਰਦਾ ਹੋਵੇਗਾ? ਉਹ ਉਹੀ ਜਾਣਦਾ ਹੈ। ਉੱਕਾ-ਪੁੱਕਾ ਮਿਹਨਤਾਨਾ ਵੀ ਕਈ-ਕਈ ਮਹੀਨੇ ਰੋਕ ਲਿਆ ਜਾਂਦਾ ਹੈ। ਸਰਕਾਰੀ ਰੈਗੂਲਰ ਨੌਕਰੀਆਂ ਬਹੁਤ ਘੱਟ ਅਤੇ ਬਹੁਤ ਅਰਸੇ ਮਗਰੋਂ ਨਿਕਲਦੀਆਂ ਹਨ। ਸ਼ਾਇਦ ਹੀ ਕੇਂਦਰ ਜਾਂ ਰਾਜ ਸਰਕਾਰਾਂ ਇਹ ਸਭ ਸੋਚਦੀਆਂ ਹੋਣਗੀਆਂ। ਪ੍ਰਾਈਵੇਟ ਨੌਕਰੀ ਵੀ ਬਿਨਾਂ ਸਿਫ਼ਾਰਸ਼ ਤੋਂ ਨਹੀਂ ਮਿਲਦੀ। ਜੇ ਪ੍ਰਾਈਵੇਟ ਨੌਕਰੀ ਮਿਲ ਜਾਵੇ ਤਾਂ ਉਹ ਸੁਰੱਖਿਅਤ ਨਹੀਂ ਹੁੰਦੀ ਅਤੇ ਉਸ ਦੇ ਖੁੱਸ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਨੌਜਵਾਨ ਪੀੜ੍ਹੀ ਦੇ ਵਿਦੇਸ਼ ਵੱਲ ਭੱਜਣ ਦਾ ਇਕ ਮੁੱਖ ਕਾਰਨ ਇਹੋ ਹੈ। ਕੀ ਇਹ ਸਭ ਕੁਝ ਇੱਦਾਂ ਹੀ ਹੁੰਦਾ ਰਹੇਗਾ? ਕੀ ਸਾਡੇ ਕੋਲ ਆਪਣੇ ਹੋਣਹਾਰ ਬੱਚਿਆਂ ਲਈ ਰੁਜ਼ਗਾਰ ਦੇ ਸਾਧਨ ਨਹੀਂ ਹਨ? ਕੀ ਸਾਡੇ ਦੇਸ਼ 'ਚ ਪੱਖਪਾਤ ਦਾ ਬੋਲਬਾਲਾ ਰਹੇਗਾ? ਇੱਕੋ ਜਿਹਾ ਕੰਮ ਕਰਨ ਵਾਲੇ 2 ਬੰਦਿਆਂ ਦੀਆਂ ਤਨਖ਼ਾਹਾਂ 'ਚ 5 ਤੋਂ 7 ਗੁਣਾ ਦਾ ਫ਼ਰਕ ਹੈ। ਭਾਈ-ਭਤੀਜਵਾਦ, ਰਾਖਵਾਂਕਰਨ, ਗ਼ਰੀਬੀ, ਭ੍ਰਿਸ਼ਟਾਚਾਰ ਆਦਿ ਕਾਰਨ ਬੱਚੇ ਵਿਦੇਸ਼ ਜਾ ਰਹੇ ਹਨ। ਮਾਪਿਆਂ ਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦਾ ਬੱਚਾ ਬਾਹਰਲੇ ਮੁਲਕਾਂ 'ਚ ਖ਼ੁਸ਼ ਹੈ ਜਾਂ ਨਹੀਂ, ਸਮੇਂ ਸਿਰ ਸੌਂਦਾ ਵੀ ਹੈ ਕਿ ਨਹੀਂ? ਘਰਦਿਆਂ ਤੋਂ ਅੱਡ ਹੋ ਕੇ ਰੋਂਦਾ ਤਾਂ ਨਹੀਂ ? ਅੱਖਾਂ ਤੋਂ ਪਰੇ ਪਤਾ ਨਹੀਂ ਕੀ ਕਰਦਾ ਹੋਣਾ? ਮਜਬੂਰੀਆਂ ਇਨਸਾਨ ਤੋਂ ਬਹੁਤ ਕੁਝ ਕਰਵਾ ਦਿੰਦੀਆਂ ਹਨ। ਮਾਪਿਆਂ ਤੋਂ ਦੂਰ ਹੋਏ ਵਿਦਿਆਰਥੀ ਪੱਛਮੀ ਸੱਭਿਅਤਾ ਨੂੰ ਅਪਣਾ ਰਹੇ ਹਨ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਨ ਅਤੇ ਨੌਜਵਾਨ ਪੀੜ੍ਹੀ ਨੂੰ ਇੱਥੇ ਹੀ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ। ਜੇ ਇੱਥੇ ਹੀ ਰੋਜ਼ਗਾਰ ਹੋਵੇਗਾ ਤਾਂ ਫਿਰ ਵਿਦਿਆਰਥੀ ਬਾਹਰਲੇ ਮੁਲਕਾਂ ਦਾ ਰੁਖ਼ ਕਿਉਂ ਕਰਨਗੇ? ਉਂਜ ਜੇ ਸਾਡੇ ਨੌਜਵਾਨ ਭਾਰਤ 'ਚ ਰਹਿਣਗੇ ਤਾਂ ਆਪਣੇ ਦੇਸ਼ ਦੀ ਸੇਵਾ ਕਰਨਗੇ ਅਤੇ ਇਸ ਨੂੰ ਬੁਲੰਦੀਆਂ 'ਤੇ ਪੁਜਾ ਦੇਣਗੇ।