ਕਿਸੇ ਵੇਲੇ ਪੱਤਰਕਾਰੀ ਦੀ ਦੁਨੀਆ ਵਿਚ 'ਕੈਮਰੇ ਦੀ ਅੱਖ' ਨੂੰ ਸਭ ਤੋਂ ਵੱਧ ਖ਼ਤਰਨਾਕ ਮੰਨਿਆ ਜਾਂਦਾ ਸੀ। ਇਕ ਤਸਵੀਰ ਹਜ਼ਾਰ ਸ਼ਬਦਾਂ ਦੇ ਬਰਾਬਰ ਮੰਨੀ ਜਾਂਦੀ। ਭਾਵ, ਜੋ ਕਰੁਣਾ ਜਾਂ ਭਾਵਨਾਵਾਂ ਹਜ਼ਾਰ ਸ਼ਬਦਾਂ ਵਿਚ ਵਿਅਕਤ ਨਹੀਂ ਸਨ ਹੁੰਦੀਆਂ ਉਨ੍ਹਾਂ ਦਾ ਸੰਚਾਰ ਇਕੱਲੀ ਤਸਵੀਰ ਕਰ ਦਿੰਦੀ ਸੀ। ਪੱਥਰ ਦੇ ਛਾਪਿਆਂ ਦਾ ਯੁੱਗ ਬੀਤਣ ਮਗਰੋਂ ਜਦੋਂ ਟਾਈਪ ਰਾਈਟਰ ਈਜਾਦ ਹੋਇਆ ਤਾਂ ਪੱਤਰਕਾਰਾਂ ਨੂੰ 'ਟਾਈਪਰਾਈਟਰ ਗੁਰੀਲੇ' ਹੋਣ ਦਾ ਲਕਬ ਮਿਲ ਗਿਆ। ਸ਼ਬਦਾਂ ਅਤੇ ਤਸਵੀਰਾਂ ਦੀ ਜੁਗਲਬੰਦੀ ਤਖ਼ਤ ਉਲਟਾ ਦਿੰਦੀ ਤੇ ਕਈਆਂ ਨੂੰ ਤਖ਼ਤਿਆਂ 'ਤੇ ਲਟਕਾਉਣ ਦਾ ਕਾਰਜ ਕਰਦੀ। ਬਿਜਲਈ ਮਾਧਿਅਮ ਨੇ 'ਸਟਿੱਲ ਫੋਟੋਗ੍ਰਾਫੀ' ਦੀ ਅਹਿਮੀਅਤ ਨੂੰ ਨਿਸਚੈ ਹੀ ਖੋਰਾ ਲਾਇਆ ਹੈ। ਅਜਿਹਾ ਆਮ ਲੋਕ ਸਮਝਦੇ ਹਨ ਪਰ ਇਹ ਪੂਰਾ ਸੱਚ ਨਹੀਂ ਹੈ। ਅੱਜ ਵੀ ਜਦੋਂ ਕੈਮਰੇ ਦੀ ਤੀਜੀ ਅੱਖ ਖੁੱਲ੍ਦੀ ਤਾਂ ਦੁਨੀਆ ਵਿਚ ਕੁਹਰਾਮ ਮੱਚ ਜਾਂਦਾ ਹੈ। ਅਮਰੀਕਾ ਤੇ ਮੈਕਸੀਕੋ ਸਰਹੱਦ 'ਤੇ ਕਲਕਲ ਵਹਿਣ ਵਾਲੀ ਰੀਓ ਗ੍ਰੈਂਡ ਨਦੀ ਦੇ ਕਿਨਾਰੇ ਸ਼ਰਨਾਰਥੀ ਪਿਓ-ਧੀ ਦੀ ਦਿਲ ਦਹਿਲਾ ਦੇਣ ਵਾਲੀ ਤਸਵੀਰ ਨੇ ਆਪਣੇ-ਆਪ ਨੂੰ ਵਿਸ਼ਵ ਦਾ ਥਾਣੇਦਾਰ ਸਮਝਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੱਥਰ ਦਿਲ ਨੂੰ ਵੀ ਪਿਘਲਾ ਦਿੱਤਾ ਹੈ। ਰੌਂਗਟੇ ਖੜ੍ਹੇ ਕਰਨ ਵਾਲੀ ਤਸਵੀਰ 'ਚ ਸ਼ਰਨਾਰਥੀ ਪਿਤਾ ਆਸਕਰ ਅਲਬਰਟੋ (25) ਤੇ ਉਸ ਦੀ ਦੋ ਸਾਲਾਂ ਦੀ ਨੰਨ੍ਹੀ ਬੱਚੀ ਐਂਜੀ ਵਲੇਰੀਆ ਦੀਆਂ ਲਾਸ਼ਾਂ ਨਦੀ ਦੇ ਕਿਨਾਰੇ ਮੂਧੇ ਮੂੰਹ ਪਈਆਂ ਹਨ। ਪਿਤਾ ਨੇ ਆਪਣੀ ਬੱਚੀ ਨੂੰ ਕੱਪੜੇ ਨਾਲ ਪਿੱਠ 'ਤੇ ਬੰਨ੍ਹਿਆ ਹੋਇਆ ਹੈ। ਅਮਰੀਕਾ ਦੀ ਚਕਾਚੌਂਧ ਸਲਵਾਡੋਰ ਦੇ ਆਸਕਰ ਨੂੰ ਅਕਸਰ ਖਿੱਚ ਪਾਇਆ ਕਰਦੀ ਸੀ। ਉਹ ਆਪਣੀ ਪਰੀਆਂ ਵਰਗੀ ਬੱਚੀ ਨੂੰ ਸੁਪਨ-ਨਗਰੀ ਵਿਚ ਲਿਜਾਣ ਦੀ ਫ਼ਿਰਾਕ ਵਿਚ ਸੀ ਕਿ ਨਦੀ ਦੀਆਂ ਗੁਸਤਾਖ਼ ਛੱਲਾਂ ਨੇ ਦੋਵਾਂ ਦੇ ਸੀਰਮੇ ਪੀ ਲਏ। ਧੀ ਦਾ ਸਿਰ ਪਿਓ ਦੀ ਕਮੀਜ਼ ਦੇ ਅੰਦਰ ਹੈ ਤੇ ਉਸ ਦਾ ਇਕ ਹੱਥ ਬਾਪੂ ਦੀ ਗਰਦਨ ਦੁਆਲੇ ਹੈ। ਕਰੁਣਾਮਈ ਤਸਵੀਰ ਵਾਇਰਲ ਹੋਣ ਤੋਂ ਬਾਅਦ ਟਰੰਪ ਦੀ ਇਮੀਗ੍ਰੇਸ਼ਨ ਨੀਤੀ 'ਤੇ ਦੁਨੀਆ ਭਰ ਵਿਚ ਬਹਿਸ ਛਿੜ ਪਈ। ਅਮਰੀਕੀ ਸੰਸਦ ਵਿਚ ਵਿਰੋਧੀ ਧਿਰ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਚਕ ਸ਼ੂਮਰ ਨੇ ਕਿਹਾ, ''ਰਾਸ਼ਟਰਪਤੀ ਟਰੰਪ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਤਸਵੀਰ ਅਵੱਸ਼ ਵੇਖੋ। ਆਸਕਰ ਕੋਈ ਡਰੱਗ ਸਮੱਗਲਰ ਜਾਂ ਅਪਰਾਧੀ ਨਹੀਂ ਸੀ। ਉਸ ਦਾ ਬਸ ਏਨਾ ਹੀ ਕਸੂਰ ਸੀ ਕਿ ਉਸ ਨੇ ਆਪਣੀ ਬੱਚੀ ਦੇ ਰੌਸ਼ਨ ਭਵਿੱਖ ਲਈ ਸੁਪਨਾ ਸਿਰਜਿਆ ਸੀ। ਕਿਸੇ ਦੇ ਸੁਪਨਿਆਂ ਨੂੰ ਚੂਰ-ਚੂਰ ਕਰਨਾ ਮਹਾ ਸਰਾਪ ਹੁੰਦੈ ਜਨਾਬ। ਆਸਕਰ ਦਾ ਇਸ ਵਿਚ ਕੀ ਕਸੂਰ ਸੀ ਕਿ ਉਹ ਉਸ ਦੇਸ਼ ਵਿਚ ਪੈਦਾ ਹੋਇਆ ਜੋ ਉਸ ਦੇ ਸੁਪਨਿਆਂ ਦੇ ਹਾਣ ਦਾ ਨਹੀਂ ਸੀ? ਸੁਪਨੇ ਲੈਣਾ ਤਾਂ ਹਰ ਇਕ ਦਾ ਜਨਮ ਸਿੱਧ ਅਧਿਕਾਰ ਹੈ। ਵੈਸੇ ਵੀ ਅਮਰੀਕਾ ਕਿਹੜਾ ਗੋਰਿਆਂ ਦਾ ਆਪਣਾ ਦੇਸ਼ ਹੈ। ਹਜ਼ਾਰਾਂ ਕਿਲੋਮੀਟਰ ਦੂਰ ਵੱਸਦੇ ਗੋਰਿਆਂ ਨੇ ਸੁਨਹਿਰੀ ਭਵਿੱਖ ਦੇ ਸੁਪਨੇ ਲਏ ਤੇ ਉਹ ਸਦੀਆਂ ਪਹਿਲਾਂ ਸਮੁੰਦਰ ਦੀਆਂ ਛੱਲਾਂ ਦੀ ਪਰਵਾਹ ਕੀਤੇ ਬਗ਼ੈਰ ਅਮਰੀਕਾ ਦੀ ਧਰਤ 'ਤੇ ਬਹੁੜੇ। ਮੂਲ ਵਾਸੀਆਂ ਨੂੰ ਉਨ੍ਹਾਂ ਗ਼ੁਲਾਮ ਬਣਾ ਲਿਆ। ਨਸਲਵਾਦ ਦੇ ਤਾਂਡਵ ਨੇ ਪਤਾ ਨਹੀਂ ਕਿੰਨੇ ਕੁ ਬੇਗਨਾਹਾਂ ਦੀ ਬਲੀ ਲਈ ਹੋਣੀ ਹੈ? ਟਰੰਪ ਸਾਹਿਬ ਤੁਸੀਂ ਤਾਂ ਖ਼ੁਦ ਕਬਜ਼ਾ ਕੀਤਾ ਹੋਇਆ ਹੈ ਬੇਗਾਨੀ ਧਰਤੀ 'ਤੇ। ਜ਼ਰਾ ਤਵਾਰੀਖ ਦੇ ਪੰਨੇ ਤਾਂ ਫਰੋਲ ਕੇ ਵੇਖੋ। ਅੱਜ ਆਸਕਰ ਵਰਗੇ ਪਤਾ ਨਹੀਂ ਕਿੰਨੇ ਕੁ ਹੋਰ ਬਿਹਤਰ ਜੀਵਨ ਦੀ ਤਲਾਸ਼ ਵਿਚ ਮਾਰੇ-ਮਾਰੇ ਭਟਕ ਰਹੇ ਹਨ। ਇਹ ਜ਼ਮੀਨ, ਇਹ ਆਸਮਾਨ ਮਨੁੱਖਤਾ ਦੀ ਸਾਂਝੀ ਜਾਇਦਾਦ ਹੈ। ਇੱਥੇ ਕੋਈ ਆਪਣਾ ਤੇ ਕੋਈ ਬੇਗਾਨਾ ਨਹੀਂ ਹੈ। ਆਸਕਰ ਤਾਂ ਵਿਕਰਾਲ ਹਾਲਾਤ ਤੋਂ ਛੁਟਕਾਰਾ ਪਾਉਣ ਲਈ ਆਪਣੀ ਮਾਤ-ਭੂਮੀ ਨੂੰ ਅਲਵਿਦਾ ਕਹਿ ਕੇ ਆਇਆ ਸੀ। ਆਪਣੀ ਮਾਤ-ਭੂਮੀ ਤੋਂ ਵਿਛੜਨਾ ਕਿੰਨਾ ਔਖਾ ਹੁੰਦਾ ਹੈ, ਇਸ ਦਾ ਅਹਿਸਾਸ ਕਰਨ ਲਈ ਤੁਹਾਡੇ ਕੋਲ ਦਿਲ ਨਹੀਂ ਹੈ। ਸੰਸਦ ਦੇ ਕਈ ਹੋਰ ਮੈਂਬਰਾਂ ਨੇ ਵੀ ਟਰੰਪ ਨੂੰ ਭਿਉਂ-ਭਿਉਂ ਮਾਰਦਿਆਂ ਕਿਹਾ ਕਿ ਪਿਓ-ਧੀ ਦੀ ਇਹ ਤਸਵੀਰ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ 'ਤੇ ਕਰਾਰਾ ਥੱਪੜ ਹੈ। ਭਾਰਤਵੰਸ਼ੀ ਸੰਸਦ ਮੈਂਬਰ ਪ੍ਰੋਮਿਲਾ ਜੈਪਾਲ ਨੇ ਕਿਹਾ, ਇਹ ਅਤਿਅੰਤ ਦੁਖਦਾਈ ਤਸਵੀਰ ਹੈ।ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰ ਬਰਨੀ ਸੈਂਡਰਜ਼ ਨੇ ਤਸਵੀਰ ਨੂੰ ਭਿਆਨਕ ਕਰਾਰ ਦਿੰਦਿਆਂ ਕਿਹਾ ਕਿ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਕਰੂਰ ਤੇ ਅਣਮਨੁੱਖੀ ਹੈ। ਬਾਰਡਰ ਪੈਟਰੋਲ ਵਿਭਾਗ ਅਨੁਸਾਰ ਬੀਤੇ ਸਾਲ ਅਮਰੀਕਾ ਦੀ ਸਰਹੱਦ ਪਾਰ ਕਰਦਿਆਂ 283 ਸ਼ਰਨਾਰਥੀਆਂ ਨੇ ਜਾਨ ਗਵਾਈ ਸੀ। ਮਨੁੱਖੀ ਅਧਿਕਾਰ ਸੰਗਠਨ ਦਾ ਦਾਅਵਾ ਹੈ ਕਿ ਸਰਕਾਰੀ ਅੰਕੜਿਆਂ ਤੋਂ ਕਿਤੇ ਵੱਧ ਮੌਤਾਂ ਹੋਈਆਂ ਹਨ। ਬਹੁਤੇ ਸ਼ਰਨਾਰਥੀ ਆਪਣੀਆਂ ਜਾਨਾਂ ਜੋਖ਼ਮ ਵਿਚ ਪਾ ਕੇ ਬਰਾਸਤਾ ਮੈਕਸੀਕੋ, ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਨੂੰ ਰੋਕਣ ਲਈ ਟਰੰਪ ਨੇ ਬੇਹੱਦ ਸਖ਼ਤ ਰੁਖ਼ ਅਪਣਾਇਆ ਹੋਇਆ ਹੈ ਅਤੇ ਉਹ ਮੈਕਸੀਕੋ ਨਾਲ ਲੱਗਦੀ ਸਰਹੱਦ 'ਤੇ ਦੀਵਾਰ ਖੜ੍ਹੀ ਕਰਨ ਦੀ ਮੁਹਿੰਮ ਵਿਚ ਰੁੱਝੇ ਹੋਏ ਹਨ। ਅਮਰੀਕਾ ਦੇ ਬਾਰਡਰ ਪੈਟਰੋਲ ਅਧਿਕਾਰੀ ਇਸ ਸਾਲ ਮੈਕਸੀਕੋ ਦੀ ਸਰਹੱਦ 'ਤੇ ਕਰੀਬ ਛੇ ਲੱਖ 64 ਹਜ਼ਾਰ ਸ਼ਰਨਾਰਥੀ ਦੀ ਧਰ-ਪਕੜ ਕਰ ਕੇ ਜੇਲ੍ਹਾਂ ਅੰਦਰ ਡੱਕ ਚੁੱਕੇ ਹਨ। ਇਹ ਅੰਕੜਾ ਬੀਤੇ ਸਾਲ ਦੀ ਤੁਲਨਾ ਵਿਚ 144 ਫ਼ੀਸਦੀ ਜ਼ਿਆਦਾ ਹੈ।ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਮਾਮਲਿਆਂ ਦੀ ਏਜੰਸੀ ਨੇ ਪਿਓ-ਧੀ ਦੀ ਕਰੁਣਾਮਈ ਤਸਵੀਰ ਦੀ ਤੁਲਨਾ 2015 ਵਿਚ ਤਿੰਨ ਸਾਲ ਦੇ ਸੀਰੀਆਈ ਬੱਚੇ ਦੀ ਫੋਟੋ ਨਾਲ ਕੀਤੀ ਹੈ। ਇਸ ਸ਼ਰਨਾਰਥੀ ਬੱਚੇ ਦੀ ਲਾਸ਼ ਤੁਰਕੀ ਦੇ ਭੂ-ਮੱਧ ਸਾਗਰ ਦੇ ਤੱਟ 'ਤੇ ਪਈ ਨਜ਼ਰ ਆਈ ਸੀ। ਇਸ ਤਸਵੀਰ ਕਾਰਨ ਕਰੋੜਾਂ ਅੱਖਾਂ ਵਿਚੋਂ ਅੱਥਰੂ ਛਲਕੇ ਸਨ। ਮੈਕਸੀਕੋ ਸਰਹੱਦ 'ਤੇ ਮਨੱਖੀ ਤਸਕਰੀ ਗਿਰੋਹ ਬੇਹੱਦ ਸਰਗਰਮ ਹਨ। ਪਿਛਲੇ ਹਫ਼ਤੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਦੀ ਬੱਚੀ ਗੁਰਪ੍ਰੀਤ ਕੌਰ ਜਿਸ ਨੇ ਕੁਝ ਦਿਨਾਂ ਬਾਅਦ ਆਪਣਾ ਸੱਤਵਾਂ ਜਨਮ ਦਿਨ ਮਨਾਉਣਾ ਸੀ, ਐਰੀਜ਼ੋਨ ਦੀ ਭੱਠੀ ਵਾਂਗ ਤਪਦੀ ਕੱਕੀ ਰੇਤ 'ਚ 'ਪਾਣ-ਪਾਣੀ' ਕੂਕਦੀ ਦਮ ਤੋੜ ਗਈ। ਮਨੁੱਖੀ ਤਸਕਰ ਪੰਜਾਬੀਆਂ ਦੇ ਇਕ ਗਰੁੱਪ ਨੂੰ ਮੈਕਸੀਕੋ ਦੀ ਸਰਹੱਦ ਰਾਹੀਂ ਅਮਰੀਕਾ ਦੀ ਸਰਹੱਦ ਟਪਾਉਣ ਆਏ ਸਨ। ਬੱਸ 'ਚੋਂ ਉਤਰਨ ਵੇਲੇ ਮਾਂ-ਧੀ ਖ਼ੁਸ਼ ਨਜ਼ਰ ਆ ਰਹੀਆਂ ਸਨ। ਇਹ ਖ਼ੁਸ਼ੀ ਥੋੜ੍ਹ ਚਿਰੀ ਸੀ। ਸਿਖਰ ਦੁਪਹਿਰੇ ਮਾਰੂਥਲ ਦੀ ਤੱਤੀ 'ਵਾ ਨੇ ਬੱਚੀ ਨੂੰ ਅੱਧ-ਮੋਈ ਕਰ ਦਿੱਤਾ। ਮਾਂ ਬੱਚੀ ਨੂੰ ਕਿਸੇ ਅਨਜਾਣ ਕੋਲ ਛੱਡ ਕੇ ਪਾਣੀ ਦੀ ਭਾਲ ਵਿਚ ਕਿਧਰੇ ਦੂਰ ਨਿਕਲ ਗਈ ਤੇ ਫਿਰ ਰਸਤਾ ਭੁੱਲ ਗਈ। ਪਾਣੀ ਖੁਣੋਂ ਬੱਚੀ ਦਮ ਤੋੜ ਗਈ। ਗੁਰਪ੍ਰੀਤ ਦੀਆਂ ਤਸਵੀਰਾਂ ਨੇ ਗ਼ੈਰ-ਕਾਨੂੰਨੀ ਪਰਵਾਸ ਅਤੇ ਮਨੁੱਖੀ ਤਸਕਰਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਜੱਗ ਜ਼ਾਹਰ ਕੀਤਾ ਹੈ।
(ਗੁਰਵਿੰਦਰ ਸਿੰਘ ਮੋਹਾਲੀ)