ਅਕਸਰ ਅਸੀਂ ਸਾਰਿਆਂ ਨੇ ਆਪਣੇ ਜੀਵਨ ਵਿਚ ਆਪਣੇ ਵੱਡਿਆਂ ਅਤੇ ਆਪਣਿਆਂ ਤੋਂ ਇਨ੍ਹਾਂ ਨਿਰਦੇਸ਼ਾਂ ਨੂੰ ਜੀਵਨ ਦੇ ਕਿਸੇ ਨਾ ਕਿਸੇ ਮੋੜ 'ਤੇ ਜ਼ਰੂਰ ਸੁਣਿਆ ਹੋਵੇਗਾ, 'ਧਿਆਨ ਨਾਲ ਜਾਣਾ, ਧਿਆਨ ਨਾਲ ਖਾਣਾ, ਧਿਆਨ ਨਾਲ ਪੜ੍ਹਨਾ, ਧਿਆਨ ਨਾਲ ਬੋਲਣਾ, ਧਿਆਨ ਨਾਲ ਕੰਮ ਕਰਨਾ ਬਗ਼ੈਰਾ-ਬਗ਼ੈਰਾ।' ਮਕਸਦ ਇਹ ਹੈ ਕਿ ਸਨਾਤਨੀ ਯੋਗ ਵਿਗਿਆਨ ਦੇ ਸਿਧਾਂਤਾਂ ਦੇ ਇਕ ਮੂਲ ਮੰਤਰ ਦੇ ਰੂਪ ਵਿਚ ਸਾਡੇ ਧਿਆਨ ਸਾਡੇ ਜੀਵਨ ਦਾ ਅਟੁੱਟ ਹਿੱਸਾ ਹਨ। ਹਰ ਲਮਹਾ ਮਨੁੱਖੀ ਜੀਵਨ ਦੇ ਪਰਿਵਾਰਕ-ਸਮਾਜਿਕ ਅਤੇ ਧਾਰਮਿਕ ਸੰਸਕਾਰਾਂ ਨਾਲ ਨਜ਼ਦੀਕੀ ਨਾਲ ਜੁੜਿਆ ਹੋਇਆ ਹੈ। ਇਹ ਕਿਹਾ ਜਾ ਸਕਦਾ ਹੈ ਕਿ ਧਿਆਨ ਹੀ ਜੀਵਨ ਹੈ ਅਤੇ ਜੀਵਨ ਹੀ ਧਿਆਨ ਹੈ ਅਤੇ ਸਭ ਤੋਂ ਮਹੱਤਵਪੂਰਨ ਧਿਆਨ ਦੀ ਕਮੀ ਹੀ ਜੀਵਨ ਦਾ ਅੰਤ ਹੈ, ਜੀਵਨ ਦੀ ਤਬਾਹੀ ਹੈ। ਕੀ ਤੁਸੀਂ ਕਦੇ ਚੱਕਰਵਾਤੀ ਤੂਫਾਨ ਨੂੰ ਗ਼ੌਰ ਨਾਲ ਦੇਖਿਆ ਹੈ? ਇਸ ਵਿਚ ਜੀਵਨ ਦੀ ਇਕ ਸੱਚਾਈ ਬੜੀ ਖ਼ੂਬਸੂਰਤੀ ਨਾਲ ਪਿਰੋਈ ਹੋਈ ਹੈ ਅਤੇ ਉਹ ਇਹ ਹੈ ਕਿ ਉਸ ਦੇ ਵਿਚਾਲੇ ਇਕ ਸ਼ਾਂਤੀ ਦੀ ਜਗ੍ਹਾ ਹੁੰਦੀ ਹੈ ਜੋ ਉਸ ਨੂੰ ਊਰਜਾ ਪ੍ਰਦਾਨ ਕਰਦੀ ਹੈ। ਮਨੁੱਖੀ ਜੀਵਨ ਅਤੇ ਧਿਆਨ ਦਾ ਦਰਸ਼ਨ ਇਸ ਕੁਦਰਤੀ ਘਟਨਾ ਤੋਂ ਬਿਲਕੁਲ ਅਲੱਗ ਨਹੀਂ ਹੈ। ਔਕੜਾਂ ਤੇ ਸੰਘਰਸ਼ਾਂ ਨਾਲ ਘਿਰਿਆ ਮਨੁੱਖੀ ਜੀਵਨ ਚੱਕਰਵਾਤੀ ਤੂਫਾਨ ਵਾਂਗ ਹੈ ਅਤੇ ਇਸ ਜੀਵਨ ਵਿਚ ਸ਼ਾਂਤੀ ਦੀ ਤਲਾਸ਼ ਉਸ ਤੂਫਾਨ ਵਿਚਲੀ ਸ਼ਾਂਤੀ ਵਾਲੀ ਜਗ੍ਹਾ ਵਾਂਗ ਹੀ ਹੁੰਦੀ ਹੈ ਪਰ ਬਦਕਿਸਮਤੀ ਨਾਲ ਅਸੀਂ ਇਸ ਦੁਰਲੱਭ ਸੱਚ ਨੂੰ ਪਛਾਣ ਹੀ ਨਹੀਂ ਪਾਉਂਦੇ ਹਾਂ ਅਤੇ ਆਪਣੀ ਤਮਾਮ ਜ਼ਿੰਦਗੀ ਉਧੇੜ-ਬੁਣ ਅਤੇ ਗ਼ਲਤਫਹਿਮੀਆਂ ਵਿਚ ਜ਼ਾਇਆ ਕਰ ਦਿੰਦੇ ਹਾਂ। ਇੱਥੇ ਗੂੜ੍ਹ ਰਹੱਸ ਇਹੋ ਹੈ ਕਿ ਮਨੁੱਖੀ ਜੀਵਨ ਵਿਚ ਧਿਆਨ ਜੀਵਨ ਦੇ ਲਾਜ਼ਮੀ ਔਖੇ ਹਾਲਾਤ ਨਾਲ ਲੜਨਾ ਸਿਖਾਉਂਦਾ ਹੈ ਅਤੇ ਅਖ਼ੀਰ ਸਾਨੂੰ ਸ਼ਾਂਤੀ ਦੀ ਰਾਹ 'ਤੇ ਲੈ ਕੇ ਜਾਂਦਾ ਹੈ। ਧਿਆਨ ਦੀ ਰਾਹ ਸਦਕਾ ਅਸੀਂ ਜੀਵਨ 'ਚ ਪਰਮਾਨੰਦ ਨੂੰ ਪ੍ਰਾਪਤ ਕਰ ਸਕਦੇ ਹਾਂ। ਜੀਵਨ ਦੀਆਂ ਪਰੇਸ਼ਾਨੀਆਂ ਨੂੰ ਜਿੱਤ ਸਕਦੇ ਹਾਂ। ਸੱਚ ਪੁੱਛੋ ਤਾਂ ਜੀਵਨ ਵਿਚ ਸ਼ਾਂਤੀ ਦਾ ਅਰਥ ਇੱਥੇ ਜੀਵਨ ਵਿਚ ਔਕੜਾਂ 'ਤੇ ਜਿੱਤ ਹੈ, ਇੱਛਾਵਾਂ ਦਾ ਦਮਨ ਹੈ ਅਤੇ ਸੰਸਾਰਕ ਸੁੱਖ-ਸਹੂਲਤਾਂ ਦੀਆਂ ਅੰਨ੍ਹੀਆਂ ਖ਼ਾਹਿਸ਼ਾਂ 'ਤੇ ਕਾਬੂ ਪਾਉਣ ਤੋਂ ਹੈ। ਧਿਆਨ ਲਈ ਆਪਣੀਆਂ ਅੱਖਾਂ ਬੰਦ ਕਰ ਲੈਣ ਨਾਲ ਮਾਇਆਵੀ ਸੰਸਾਰ ਨਾਲੋਂ ਸਾਡਾ ਸਬੰਧ ਟੁੱਟ ਜਾਂਦਾ ਹੈ ਪਰ ਅਜਿਹੀ ਹਾਲਤ ਵਿਚ ਵੀ ਮਨ ਦੀਆਂ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਹਨ। ਮਨ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਆਪਣੀਆਂ ਅੱਖਾਂ ਬੰਦ ਕਰ ਕੇ ਜਦ ਅਸੀਂ ਖ਼ੁਦ ਨੂੰ ਆਪਣੇ ਨਾਲੋਂ ਅਲੱਗ ਕਰ ਲੈਂਦੇ ਹਾਂ ਤਾਂ ਇਹੋ ਸੱਚਾ ਧਿਆਨ ਹੈ ਅਤੇ ਇਹੋ ਆਤਮ ਗਿਆਨ ਅਤੇ ਅੰਤਰ-ਗਿਆਨ ਪ੍ਰਾਪਤੀ ਦਾ ਅਚੂਕ ਰਾਹ ਹੈ।
(ਗੁਰਵਿੰਦਰ ਸਿੰਘ ਮੋਹਾਲੀ)