"ਸਵਾਸਾਂ ਦੀ ਆਸ ਹੁੰਦਾ ਹੈ ਡਾਕਟਰ"
'ਨੀਮ-ਹਕੀਮ ਖ਼ਤਰਾ-ਏ-ਜਾਨ' ਉੱਤੇ ਅਮਲ ਕਰਦੇ ਹੋਏ ਕਦੇ ਵੀ ਅਨਟਰੇਂਡ ਡਾਕਟਰ ਕੋਲੋਂ ਇਲਾਜ ਨਹੀਂ ਕਰਵਾਉਣਾ ਚਾਹੀਦਾ

ਐੱਸ ਏ ਐੱਸ ਨਗਰ {ਗੁਰਵਿੰਦਰ ਸਿੰਘ ਮੋਹਾਲੀ} ਲੋਕਾਂ ਮੁਤਾਬਕ ਇਕ ਚੰਗਾ ਡਾਕਟਰ ਉਹ ਹੁੰਦਾ ਹੈ, ਜਿਹੜਾ ਆਪਣੇ ਹਸਪਤਾਲ ਜਾਂ ਕਲੀਨਕ ਵਿਚ ਬੈਠਾ ਹੋਇਆ ਕੇਵਲ ਤੇ ਕੇਵਲ ਮਰੀਜ਼ਾਂ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਹੀ ਲੋਚੇ ਅਤੇ ਇਲਾਜ ਵੀ ਬਹੁਤ ਹੀ ਢੁੱਕਵੇਂ ਪੈਸੇ ਜਾਂ ਫੀਸ ਲੈ.ਜਦੋਂ ਗੱਲ ਮਨੁੱਖੀ ਤੰਦਰੁਸਤੀ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਛੋਟੀ-ਮੋਟੀ ਬਿਮਾਰੀ ਦੀ ਚੱਲਦੀ ਹੈ ਤਾਂ ਝੱਟ ਖ਼ਿਆਲ ਡਾਕਟਰ ਵਾਲੇ ਪਾਸੇ ਨੂੰ ਮੁੜ ਜਾਂਦਾ ਹੈ। ਇਸ ਦਾ ਕਾਰਨ ਸ਼ਾਇਦ ਡਾਕਟਰ 'ਤੇ ਭਰੋਸਾ ਤੇ ਉਸ ਦੁਆਰਾ ਤਨਦੇਹੀ ਨਾਲ ਕੀਤਾ ਜਾਂਦਾ ਇਲਾਜ ਹੁੰਦਾ ਹੈ। ਬਿਨਾਂ ਸ਼ੱਕ ਬਹੁਤੇ ਲੋਕ ਤਾਂ ਡਾਕਟਰ ਨੂੰ 'ਦੂਜਾ ਰੱਬ' ਕਹਿੰਦੇ ਹੋਏ ਵੇਖੇ ਜਾ ਸਕਦੇ ਹਨ। ਲੋਕਾਂ ਮੁਤਾਬਕ ਇਕ ਚੰਗਾ ਡਾਕਟਰ ਉਹ ਹੁੰਦਾ ਹੈ, ਜਿਹੜਾ ਆਪਣੇ ਹਸਪਤਾਲ ਜਾਂ ਕਲੀਨਕ ਵਿਚ ਬੈਠਾ ਹੋਇਆ ਕੇਵਲ ਤੇ ਕੇਵਲ ਮਰੀਜ਼ਾਂ ਦੀ ਤੰਦਰੁਸਤੀ ਤੇ ਚੜ੍ਦੀ ਕਲਾ ਹੀ ਲੋਚੇ ਅਤੇ ਇਲਾਜ ਵੀ ਬਹੁਤ ਹੀ ਢੁੱਕਵੇਂ ਪੈਸੇ ਜਾਂ ਫੀਸ ਲੈ ਕੇ ਕਰੇ। ਇਸ ਤਰ੍ਹਾਂ ਦਾ ਡਾਕਟਰ 'ਸਵਾਸਾਂ ਦੀ ਆਸ' ਹੁੰਦਾ ਹੈ। ਚੰਗੇ ਡਾਕਟਰਾਂ ਦੀਆਂ ਮਿਸਾਲਾਂ 'ਚੋਂ ਹੀ ਇਕ ਉੱਤਮ ਮਿਸਾਲ ਹਨ ਭਾਰਤ ਰਤਨ ਡਾ. ਬੀਸੀ ਰਾਏ, ਜੋ ਕਿ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਵੀ ਰਹੇ ਤੇ ਆਪਣੇ ਡਾਕਟਰੀ ਕਾਲ ਵਿਚ ਲੋਕ ਮਨਾਂ 'ਤੇ ਬਹੁਤ ਚੰਗੇ ਡਾਕਟਰ ਵਜੋਂ ਰਾਜ ਕਰਦੇ ਰਹੇ। ਉਨ੍ਹਾਂ ਨੂੰ ਅੱਜ ਵੀ ਲੋਕ ਚੰਗਾ ਡਾਕਟਰ ਤੇ ਰਾਜਨੇਤਾ ਮੰਨਦੇ ਹੋਏ ਉਨ੍ਹਾਂ ਦੀ ਜ਼ਿੰਦਗੀ ਤੋਂ ਅਗਵਾਈ ਲੈ ਕੇ ਚੱਲਦੇ ਹਨ। ਇਸੇ ਲਈ ਤਾਂ ਭਾਰਤ ਵਿਚ ਉਨ੍ਹਾਂ ਦੇ ਜਨਮ ਅਤੇ ਮੌਤ ਦੇ ਦਿਨ ਭਾਵ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹਿਲੀ ਜੁਲਾਈ ਨੂੰ ਪੂਰੇ ਦੇਸ਼ ਵਿਚ 'ਡਾਕਟਰ ਦਿਵਸ' ਮਨਾਇਆ ਜਾਂਦਾ ਹੈ। ਡਾਕਟਰ ਭਾਵੇਂ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਪਰ ਜਨਤਾ ਦੀਆਂ ਆਸਾਂ 'ਤੇ ਖ਼ਰਾ ਉਤਰਨ ਵਾਲਾ ਹੋਵੇ। ਜੇ ਸਰਕਾਰੀ ਡਾਕਟਰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਵਾਲਾ ਹੋਵੇ ਤਾਂ ਲੋਕ ਉਸ ਦੀ ਬਦਲੀ ਹੋ ਜਾਣ 'ਤੇ ਵੀ ਉਸ ਨੂੰ ਵਾਪਸ ਲੈ ਆਉਂਦੇ ਹਨ। ਇਹ ਤਾਂ ਡਾਕਟਰ 'ਤੇ ਨਿਰਭਰ ਕਰਦਾ ਹੈ ਕਿ ਉਸ ਨੇ ਲੋਕਾਂ ਦਾ ਚਹੇਤਾ ਬਣ ਕੇ ਰਹਿਣਾ ਹੈ ਜਾਂ ਨਹੀਂ।ਬਿਨਾਂ ਸ਼ੱਕ ਹਰੇਕ 'ਪੈਥੀ' ਵਿਚ ਚੰਗੇ ਡਾਕਟਰ ਕੰਮ ਕਰ ਰਹੇ ਹਨ ਪਰ ਕਈ ਤਾਂ ਆਪਣੇ ਅਹੁਦੇ ਦੀ ਇੰਨੀ ਦੁਰਵਰਤੋਂ ਕਰਦੇ ਹਨ ਕਿ ਹਸਪਤਾਲ ਦਵਾਈ ਲੈਣ ਗਏ ਲੋਕਾਂ ਨਾਲ ਸਿੱਧੇ ਮੂੰਹ ਗੱਲ ਕਰਨਾ ਵੀ ਮੁਨਾਸਿਬ ਨਹੀਂ ਸਮਝਦੇ। ਮਰੀਜ਼ ਤਾਂ ਰਾਜ਼ੀ ਹੋਣ ਲਈ ਡਾਕਟਰ ਕੋਲ ਜਾਂਦਾ ਹੈ ਪਰ ਜੇ ਉਸ ਨੂੰ ਡਾਕਟਰ ਦੁਰਕਾਰੇ ਤਾਂ ਉਹ ਡਾਕਟਰੀ ਪੇਸ਼ੇ 'ਤੇ ਵਿਸ਼ਵਾਸ ਨਹੀਂ ਕਰੇਗਾ। ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਦੇ ਕੁਝ ਚੰਗੇ ਡਾਕਟਰਾਂ ਨੂੰ ਛੱਡ ਕੇ ਬਹੁਤਿਆਂ ਦਾ ਰੌਲਾ ਤਾਂ ਅਕਸਰ ਅਖ਼ਬਾਰਾਂ 'ਚ ਪੜ੍ਹਨ ਨੂੰ ਮਿਲ ਜਾਂਦਾ ਹੈ। ਚੰਗਾ ਇਲਾਜ ਨਾ ਹੋਣ ਦੀ ਸੂਰਤ ਵਿਚ ਮਰੀਜ਼ ਦੀ ਮੌਤ ਹੋ ਜਾਣ 'ਤੇ ਲੋਕਾਂ ਦੁਆਰਾ ਲਾਸ਼ ਰੱਖ ਕੇ ਕੀਤੇ ਜਾਂਦੇ ਧਰਨੇ-ਮੁਜ਼ਾਹਰੇ ਅਕਸਰ ਹੀ ਪੜ੍ਹਨ-ਸੁਣਨ ਨੂੰ ਮਿਲ ਹੀ ਜਾਂਦੇ ਹਨ। ਇਕ ਕਹਾਵਤ 'ਨੀਮ-ਹਕੀਮ ਖ਼ਤਰਾ-ਏ-ਜਾਨ' ਉੱਤੇ ਅਮਲ ਕਰਦੇ ਹੋਏ ਕਦੇ ਵੀ ਅਨਟਰੇਂਡ ਡਾਕਟਰ ਕੋਲੋਂ ਇਲਾਜ ਨਹੀਂ ਕਰਵਾਉਣਾ ਚਾਹੀਦਾ। ਕੁਝ ਡਾਕਟਰ ਗ਼ਲਤ ਕਾਰਿਆਂ ਨਾਲ ਆਪਣੇ ਪੇਸ਼ੇ ਨੂੰ ਬਦਨਾਮ ਕਰ ਦਿੰਦੇ ਹਨ ਜਿਵੇਂ ਕਿ ਮਰੀਜ਼ਾਂ ਦੇ ਬੇਲੋੜੇ ਟੈਸਟ, ਬੇਲੋੜੇ ਸੀਜ਼ੇਰੀਅਨ ਆਪ੍ਰੇਸ਼ਨ, ਦਵਾਈਆਂ ਵਾਲੀਆਂ ਕੰਪਨੀਆਂ ਤੋਂ ਕਮਿਸ਼ਨ ਖਾਣਾ, ਗਰਭਵਤੀ ਔਰਤਾਂ ਦੀ ਕੁੱਖ ਵਿਚ ਪਲਦੇ ਭਰੂਣ ਦੀ ਜਾਂਚ ਕਰ ਕੇ ਭਰੂਣ ਹੱਤਿਆ ਕਰਨਾ ਜਾਂ ਮਰੀਜ਼ ਦੇ ਅੰਗ ਕੱਢ ਲੈਣਾ ਜਿਵੇਂ ਕਿ ਗੁਰਦੇ ਆਦਿ। ਵਧਾਈ ਦੀਆਂ ਪਾਤਰ ਹਨ ਪੰਜਾਬ ਤੇ ਹਰਿਆਣਾ ਸਿਹਤ ਵਿਭਾਗ ਦੀਆਂ ਟੀਮਾਂ , ਜਿਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਪੰਜਾਬ ਵਿਚ ਛਾਪੇ ਮਾਰ ਕੇ ਭਰੂਣ ਹੱਤਿਆ ਦੇ ਕੰਮ ਵਿਚ ਲੱਗੇ ਕੁਝ ਡਾਕਟਰਾਂ ਤੇ ਨਰਸਿੰਗ ਹੋਮਜ਼ ਦਾ ਪਰਦਾਫਾਸ਼ ਕੀਤਾ ਸੀ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੇ ਡਾਕਟਰ ਇਹ 'ਪਾਪ' ਕਰਦੇ ਹਨ, ਉਨ੍ਹਾਂ ਨੂੰ ਕਦੇ ਵੀ ਆਪਣੀ ਖ਼ੁਦ ਦੀ 'ਧੀ' ਉਸ ਸਮੇਂ ਚੇਤੇ ਵਿਚ ਕਿਉਂ ਨਹੀ ਆਉਦੀਂ? ਰੱਬ ਕਰੇ ਕਿ ਉਨ੍ਹਾਂ ਨੂੰ ਆਪਣੀ ਧੀ ਵਰਗੀ ਹੀ ਨਿੱਕੀ ਜਿਹੀ ਜਿੰਦ ਦਾ ਕਤਲ ਕਰਦਿਆਂ ਕਦੇ ਤਾਂ ਸ਼ਰਮ ਆ ਜਾਵੇ। ਸ੍ਰੀ ਗੁਰੂ ਨਾਨਕ ਦੇਵ ਜੀ ਇਸਤਰੀ ਦੇ ਹੱਕ ਵਿਚ ਆਵਾਜ਼ ਉਠਾਉੁਂਦੇ ਹੋਏ ਕਹਿੰਦੇ ਹਨ 'ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ'। ਰਹਿਤ ਨਾਮਿਆਂ ਵਿਚ ਵੀ ਕੁੜੀਮਾਰ ਨਾਲ ਸਮਾਜ ਨੂੰ ਵਾਹ-ਵਾਸਤਾ ਨਾ ਰੱਖਣ ਦੀ ਤਾਕੀਦ ਕੀਤੀ ਗਈ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਵੀ ਤਾਂ ਸਮਾਜ ਤੇ ਸਮੁੱਚੇ ਡਾਕਟਰ ਵਰਗ ਲਈ ਅੱਜ ਅਤੇ ਸਦਾ ਹੀ ਪ੍ਰੇਰਨਾ ਦੇ ਸਰੋਤ ਹਨ, ਜਿਨ੍ਹਾਂ ਨੇ ਆਪਣੇ ਸਮੇਂ ਦੌਰਾਨ ਦਵਾਖਾਨੇ ਤੇ ਕੋਹੜ-ਅਹਾਤੇ ਖੋਲ੍ਹ ਕੇ ਲੋੜਵੰਦਾਂ ਦਾ ਮੁਫ਼ਤ ਇਲਾਜ ਕੀਤਾ ਸੀ ਅਤੇ ਨਾਲ ਹੀ ਆਪ ਦੁਖੀਆਂ ਨੂੰ ਪਾਵਨ ਬਾਣੀ ਦਾ ਪਾਠ ਕਰਨ ਵਾਸਤੇ ਵੀ ਤਾਕੀਦ ਕਰਦੇ ਸਨ। ਆਪ ਰੱਬੀ ਬਾਣੀ ਨੂੰ ਹੀ ਸਾਰੀ ਇਲਾਜ ਪ੍ਰਕਿਰਿਆ ਦੀ ਵਡਿਆਈ ਦਿੰਦੇ ਹੋਏ ਇਸ ਤਰ੍ਹਾਂ ਫੁਰਮਾਉਦੇਂ ਹਨ 'ਸਰਬ ਰੋਗ ਕਾ ਅਉਖਦੁ ਨਾਮ'। ਇਸ ਤੋਂ ਇਲਾਵਾ ਆਪ ਕੇਵਲ ਅਕਾਲ ਪੁਰਖ ਨੂੰ ਹੀ ਸਭ ਕੁਝ ਕਰਨ ਵਾਲਾ ਦਰਸਾਉਂਦੇ ਹੋਏ ਮਨੁੱਖ ਨੂੰ ਉਸ ਨਾਲ ਹੀ ਲਿਵ ਲਾਉਣ ਦੀ ਹਦਾਇਤ ਵੀ ਕੁਝ ਇਸ ਤਰ੍ਹਾਂ ਕਰ ਰਹੇ ਹਨ :

ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ।।
ਲਿਵ ਲਾਵਹੁ ਤਿਸੁ ਰਾਮ ਸਨੇਹੀ।।

ਗੁਰੂ ਸਾਹਿਬਾਨ ਤੋਂ ਇਲਾਵਾ ਮਹਾਨ ਤੇ ਨਿਰਮਲ ਆਤਮਾ ਭਗਤ ਪੂਰਨ ਸਿੰਘ ਵੀ ਸਮਾਜ ਤੇ ਸਮੁੱਚੇ ਡਾਕਟਰ ਵਰਗ ਲਈ ਪ੍ਰੇਰਨਾ ਦੇ ਸੋਮੇ ਹਮੇਸ਼ਾ ਬਣੇ ਰਹਿਣਗੇ, ਜਿਨ੍ਹਾਂ ਨੇ ਇਕ ਅਪਾਹਜ ਤੇ ਲਾਵਾਰਸ ਪਿਆਰਾ ਸਿੰਘ ਨਾਂ ਦੇ ਵਿਅਕਤੀ ਨੂੰ ਸਹਾਰਾ ਦੇ ਕੇ ਮਿਸਾਲ ਕਾਇਮ ਕੀਤੀ। ਸੋ ਇਹ ਮਿਸਾਲਾਂ ਹਰੇਕ ਡਾਕਟਰ ਨੂੰ ਨਿਰਸਵਾਰਥ ਤੇ ਨਿਰਵੈਰ ਭਾਵਨਾ ਨਾਲ ਡਿਊਟੀ ਕਰਨ ਹਿੱਤ ਪ੍ਰੇਰਨਾ ਦਿੰਦੀਆਂ ਹੋਈਆਂ ਵੇਖੀਆਂ ਜਾ ਸਕਦੀਆਂ ਹਨ। ਹਰੇਕ ਸਰਕਾਰੀ ਡਾਕਟਰ ਨੂੰ ਮਰੀਜ਼ ਆਪਣੇ ਘਰ ਜਾਂ ਨਿੱਜੀ ਹਸਪਤਾਲ ਵਿਚ ਵੇਖਣ ਦੀ ਵੀ ਕੋਈ ਪਾਬੰਦੀ ਨਹੀਂ ਜੇ ਉਹ ਸਰਕਾਰੀ ਹਸਪਤਾਲ ਵਿਚ ਡਿਊਟੀ ਦੌਰਾਨ ਉੱਥੇ ਆਏ ਮਰੀਜ਼ਾਂ ਦਾ ਵੀ ਓਨੇ ਹੀ ਧਿਆਨ ਨਾਲ ਚੈੱਕਅੱਪ ਕਰੇ ਤੇ ਚੰਗੀ ਦਵਾਈ ਦੇਵੇ। ਇਸ ਤਰ੍ਹਾਂ ਦਾ ਬਰਾਬਰਤਾ ਵਾਲਾ ਸਿਧਾਂਤ ਇਕ ਦਿਨ ਉਸ ਨੂੰ ਆਦਰਸ਼ ਡਾਕਟਰ ਬਣਾ ਸਕਦਾ ਹੈ। ਪ੍ਰਸ਼ਾਸਨ ਤੇ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਉਹ ਹਸਪਤਾਲਾਂ ਦੀ ਚੈਕਿੰਗ ਦੇ ਨਾਲ-ਨਾਲ ਸਰਕਾਰੀ ਹਸਪਤਾਲਾਂ ਨੂੰ ਸਹੂਲਤਾਂ ਨਾਲ ਲੈਸ ਰੱਖਣ ਵਿਚ ਆਪਣਾ ਯੋਗਦਾਨ ਹਮੇਸ਼ਾ ਹੀ ਪਾਉਂਦੇ ਰਹਿਣ। ਸਸਤਾ ਤੇ ਵਧੀਆ ਇਲਾਜ ਲੋਕਾਂ ਨੂੰ ਬਿਨਾਂ ਕਿਸੇ ਸਖ਼ਤ ਸ਼ਰਤ ਦੇ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਲੋਕ ਡਾਕਟਰ ਨੂੰ ਦਿਲੋਂ 'ਸਵਾਸਾਂ ਦੀ ਆਸ' ਮੰਨਣ।