ਚੰਡੀਗੜ-ਖਰੜ ਹਾਈਵੇਅ ਦੇ ਨਾਲ 80 ਉਸਾਰੀਆਂ ਢਾਹੀਆਂ

ਐਸ.ਏ.ਐਸ. ਨਗਰ, 3 ਜੁਲਾਈ (ਗੁਰਵਿੰਦਰ ਸਿੰਘ ਮੋਹਾਲੀ) ਚੰਡੀਗੜ-ਖਰੜ ਨਿਰਮਾਣ ਅਧੀਨ ਹਾਈਵੇਅ ਦੇ ਨਾਲ ਲਗਦੀਆਂ ਉਸਾਰੀਆਂ ਢਾਹੁਣ ਲਈ ਵੱਡੇ ਪੱਧਰ ਉਤੇ ਚਲਾਈ ਮੁਹਿੰਮ ਦੌਰਾਨ ਜ਼ਿਲਾ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਤਕਰੀਬਨ 80 ਉਸਾਰੀਆਂ ਢਾਹੀਆਂ। ਐਸ.ਡੀ.ਐਮ. ਮੁਹਾਲੀ ਸ੍ਰੀ ਜਗਦੀਪ ਸਹਿਗਲ ਦੀ ਅਗਵਾਈ ਵਿੱਚ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ, ਐਨ.ਐਚ.ਏ.ਆਈ. ਅਤੇ ਪੁਲੀਸ ਦੀ ਸਾਂਝੀ ਟੀਮ ਨੇ ਦਾੳੂਂ, ਬਲੌਂਗੀ, ਦੇਸੂ ਮਾਜਰਾ, ਫਤਹਿਉੱਲਾਪੁਰ, ਮੁੰਡੀ ਖਰੜ ਤੇ ਬੱਲੋ ਮਾਜਰਾ ਵਿੱਚ ਉਸਾਰੀਆਂ ਹਟਾਈਆਂ। ਮੁਹਾਲੀ ਦੇ ਐਸ.ਡੀ.ਐਮ. ਸ੍ਰੀ ਜਗਦੀਪ ਸਹਿਗਲ ਨੇ ਕਿਹਾ ਕਿ ‘‘ਅਸੀਂ ਜ਼ਮੀਨ ਖਾਲੀ ਕਰਨ ਲਈ ਉਨਾਂ ਇਮਾਰਤਾਂ ਦੇ ਮਾਲਕਾਂ ਨੂੰ 60 ਦਿਨਾਂ ਦੇ ਨੋਟਿਸ ਦਿੱਤੇ ਸਨ, ਜਿਨਾਂ ਦੀ ਜ਼ਮੀਨ ਨੋਟੀਫਾਈ ਹੋਈ ਹੈ। ਇਨਾਂ ਨੋਟਿਸਾਂ ਵਿੱਚ ਮਾਲਕਾਂ ਮੁਆਵਜ਼ੇ ਦਾ ਦਾਅਵਾ ਕਰਨ ਅਤੇ ਜ਼ਮੀਨ ਦਾ ਕਬਜ਼ਾ ਦੇਣ ਲਈ ਕਿਹਾ ਗਿਆ ਸੀ। ਇਸ ਫਲਾਈਓਵਰ ਪ੍ਰਾਜੈਕਟ ਨੂੰ ਜ਼ਿਲਾ ਪ੍ਰਸ਼ਾਸਨ ਦੀ ਤਰਜੀਹ ਦੱਸਦਿਆਂ ਉਨਾਂ ਕਿਹਾ ਕਿ ਉਸਾਰੀਆਂ ਢਾਹੁਣ ਦੀ ਮੁਹਿੰਮ 6 ਜੁਲਾਈ ਤੱਕ ਜਾਰੀ ਰਹੇਗੀ। ਸ੍ਰੀ ਸਹਿਗਲ ਨੇ ਸਪੱਸ਼ਟ ਕੀਤਾ ਕਿ ਮੁਆਵਜ਼ੇ ਲਈ ਦਾਅਵਾ ਐਸ.ਡੀ.ਐਮ. ਮੁਹਾਲੀ ਦੇ ਦਫ਼ਤਰ ਵਿੱਚ ਕੀਤਾ ਜਾ ਸਕਦਾ ਹੈ। ਲੋਕਾਂ ਦੀ ਸਹੂਲਤ ਲਈ ਖਰੜ ਦੇ ਨਾਗਰਿਕਾਂ ਵਾਸਤੇ ਤਹਿਸੀਲ ਖਰੜ ਵਿੱਚ ਵੀ ਸਟਾਫ਼ ਉਪਲਬਧ ਰਹੇਗਾ। ਉਨਾਂ ਅੱਗੇ ਕਿਹਾ ਕਿ ਜਿਨਾਂ ਦੀ ਜ਼ਮੀਨ/ਇਮਾਰਤ ਨੋਟੀਫਿਕੇਸ਼ਨ ਵਿੱਚ ਨਹੀਂ ਹੈ, ਉਨਾਂ ਦੀ ਜ਼ਮੀਨ ਐਨ.ਐਚ.ਏ.ਆਈ. ਖਰੀਦੇਗੀ। ਉਨਾਂ ਇਮਾਰਤਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਲੰਮੇ ਸਮੇਂ ਤੋਂ ਚੱਲੀ ਆ ਰਹੀ ਟਰੈਫਿਕ ਦੀ ਸਮੱਸਿਆ ਨੂੰ ਦੇਖਦਿਆਂ ਉਹ ਇਸ ਮੁਹਿੰਮ ਵਿੱਚ ਸਹਿਯੋਗ ਕਰਨ।