ਤਕਨੀਕੀ ਖ਼ਰਾਬੀ ਲਈ Facebook ਨੇ ਮੰਗੀ ਮੁਆਫ਼ੀ

ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ) ਬੀਤੇ ਦਿਨੀਂ ਸ਼ਾਮ ਤੋਂ ਬਾਅਦ ਸੋਸ਼ਲ ਮੀਡੀਆ ਦੇ ਸਭ ਤੋਂ ਪਿਆਰੇ ਪਲੇਟਫਾਰਮ Facebook, WhatsApp ਤੇ Instagram ‘ਤੇ ਅਚਾਨਕ ਆਈ ਤਕਨੀਕੀ ਖਰਾਬੀ ਨਾਲ ਸੋਸ਼ਲ ਮੀਡੀਆ ਘੰਟਿਆਂ ਤੱਕ ਠੱਪ ਰਿਹੈ। ਦੱਸ ਦੇਈਏ ਕਿ ਬੀਤੀ ਰਾਤ 8.30 ਵਜੇ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲੋਕਾਂ ਦੀਆਂ ਵੀਡੀਓ ਅਤੇ ਤਸਵੀਰਾਂ ਭੇਜਣ ‘ਚ ਪ੍ਰੇਸ਼ਾਨੀ ਆ ਰਹੀ ਸੀ ।ਫੇਸਬੁੱਕ ਵੱਲੋਂ ਜਾਰੀ ਬਿਆਨ ਅਨੁਸਾਰ ਬੁੱਧਵਾਰ ਨੂੰ ਕੁੱਝ ਲੋਕਾਂ ਨੂੰ ਤਸਵੀਰਾਂ, ਵੀਡੀਓ ਤੇ ਹੋਰ ਫਾਈਲਾਂ ਫੇਸਬੁੱਕ ‘ਤੇ ਭੇਜਣ ਅਤੇ ਡਾਊਨਲੋਡ ਕਰਨ ਦੀ ਸਮੱਸਿਆ ਪੇਸ਼ ਆਈ ਸੀ, ਜਿਸ ਨੂੰ ਦੂਰ ਕਰ ਲਿਆ ਗਿਆ ਹੈ। ਇਸ ਖ਼ਰਾਬੀ ਲਈ ਫੇਸਬੁੱਕ ਨੇ ਮੁਆਫ਼ੀ ਵੀ ਮੰਗੀ ਹੈ। ਦਸ ਦੇਈਏ ਕਿ ਭਾਰਤ ਸਮੇਤ ਦੁਨੀਆ ਭਰ ‘ਚ ਲੋਕ ਬੀਤੇ ਦਿਨੀਂ ਸ਼ਾਮ ਉਸ ਸਮੇਂ ਪਰੇਸ਼ਾਨ ਹੋ ਗਏ, ਜਦੋਂ ਅਚਾਨਕ ਫੇਸਬੁੱਕ, ਵ੍ਹਟਸਐਪ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ‘ਚ ਰੁਕਾਵਟ ਪੈਣ ਲੱਗੀ। ਆਪਣੇ ਅਨੁਭਵ ਸਾਂਝੇ ਕਰਨ ਲਈ ਲੋਕਾਂ ਨੇ ਟਵਿੱਟਰ ਦਾ ਸਹਾਰਾ ਲਿਆ। ਟਵਿੱਟਰ ‘ਤੇ ਕਈ ਲੋਕਾਂ ਨੇ ਇਸ ਪਰੇਸ਼ਾਨੀ ‘ਤੇ ਵਿਅੰਗ ਵੀ ਕੱਸੇ ਜਿਸ ਤਰ੍ਹਾਂ ਸਾਰੇ ਲੋਕ ਟਵਿੱਟਰ ‘ਤੇ ਆਪਣੇ ਵਿਚਾਰ ਰੱਖਣ ਲਈ ਜੁਟੇ, ਉਸ ਨੂੰ ਦੇਖ ਕੇ ਇਕ ਯੂਜ਼ਰ ਨੇ ਲਿਖਿਆ, ‘ਸੋਸ਼ਲ ਮੀਡੀਆ ਦਾ ਬ੍ਰੇਕਡਾਊਨ ਹੋਣਾ ਹੀ ਦੁਨੀਆ ਨੂੰ ਇਕ ਕਰਨ ਦਾ ਤਰੀਕਾ ਹੈ।’ ਬੁੱਧਵਾਰ ਨੂੰ ਫੇਸਬੁੱਕ, ਵ੍ਹਟਸਐਪ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਬੰਦ ਨਹੀਂ ਹੋਈਆਂ ਸਨ, ਬਲਕਿ ਉਨ੍ਹਾਂ ਦੇ ਕੁਝ ਫੀਚਰ ‘ਚ ਦਿੱਕਤ ਆ ਰਹੀ ਸੀ। ਸਿਰਫ਼ ਟੈਕਸਟ ਮੈਸੇਜ ਦਾ ਆਦਾਨ-ਪ੍ਰਦਾਨ ਹੋ ਰਿਹਾ ਸੀ। ਇੰਸਟਾਗ੍ਰਾਮ ‘ਤੇ ਵੀ ਲੋਕਾਂ ਨੇ ਫੋਟੋ ਅਪਲੋਡ ਕਰਨ ‘ਚ ਪਰੇਸ਼ਾਨੀ ਦਾ ਸਾਹਮਣਾ ਕੀਤਾ।