ਮੈਗਾ ਜੌਬ ਮੇਲਿਆਂ ਦੀ ਤਿਆਰੀ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸਾਰੇ ਵਿਭਾਗਾਂ ਤੋਂ ਮੰਗਿਆ ਸਹਿਯੋਗ

ਐਸ.ਏ.ਐਸ. ਨਗਰ, 4 ਜੁਲਾਈ (ਗੁਰਵਿੰਦਰ ਸਿੰਘ ਮੋਹਾਲੀ) ਪੰਜਾਬ ਸਰਕਾਰ ਵੱਲੋਂ ‘ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ’ ਮਿਸ਼ਨ ਤਹਿਤ ਜ਼ਿਲ੍ਹੇ ਵਿੱਚ 19 ਤੋਂ 30 ਸਤੰਬਰ ਤੱਕ ਕਰਵਾਏ ਜਾਣ ਵਾਲੇ ਮੈਗਾ ਜੌਬ ਮੇਲਿਆਂ ਦੀ ਤਿਆਰੀ ਸਬੰਧੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਦੀ ਮੁੱਖ ਕਾਰਜਕਾਰੀ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅਧਿਕਾਰੀ ਪੱਧਰ ਦੀ ਮੀਟਿੰਗ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਤੰਬਰ ਮਹੀਨੇ ਵਿੱਚ ਮੁਹਾਲੀ, ਡੇਰਾਬੱਸੀ ਅਤੇ ਘੜੂੰਆਂ ਵਿਖੇ ਕਰਵਾਏ ਜਾਣ ਵਾਲੇ ਰੁਜ਼ਗਾਰ ਮੇਲਿਆਂ ਦਾ ਮਕਸਦ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਨਾ ਹੈ ਤਾਂ ਜੋ ਜ਼ਿਲ੍ਹੇ ਦਾ ਕੋਈ ਵੀ ਨੌਜਵਾਨ ਰੋਜ਼ਗਾਰ ਤੋਂ ਵਾਂਝਾ ਨਾ ਰਹੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪੋ-ਆਪਣੇ ਵਿਭਾਗਾਂ ਦੇ ਸੰਪਰਕ ਵਿੱਚ ਆਉਣ ਵਾਲੇ ਉਦਯੋਗਪਤੀਆਂ, ਛੋਟੇ-ਵੱਡੇ ਕਾਰੋਬਾਰੀਆਂ ਅਤੇ ਕੰਪਨੀਆਂ ਨੂੰ ਲੋੜੀਂਦੀ ਮਨੁੱਖੀ ਸ਼ਕਤੀ ਬਾਰੇ ਜਾਣਕਾਰੀ ਹਾਸਲ ਕਰ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦੇ ਦਫ਼ਤਰ ਵਿਖੇ 2 ਹਫਤਿਆਂ ਵਿੱਚ ਸੂਚਨਾ ਦੇਣ ਤਾਂ ਜੋ ਬਿਉਰੋ ਵਿਖੇ ਰਜਿਸਟਰਡ ਬਿਨੈਕਾਰਾਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਰਾਹੀਂ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਇਸ ਮੌਕੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਦਯੋਗਪਤੀਆਂ ਤੋਂ ਭਰਵਾਉਣ ਲਈ ਪ੍ਰੋਫਾਰਮੇ ਵੀ ਦਿੱਤੇ ਗਏ, ਜਿਨ੍ਹਾਂ ਵਿੱਚ ਉਦਯੋਗਪਤੀ ਉਨ੍ਹਾਂ ਨੂੰ ਲੋੜੀਂਦੀ ਮਨੁੱਖੀ ਸ਼ਕਤੀ, ਕੌਸ਼ਲ ਅਤੇ ਤਜਰਬੇ ਸਬੰਧੀ ਵੇਰਵਾ ਭਰ ਕੇ ਦੇ ਸਕਦੇ ਹਨ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਕਿਸੇ ਕਾਰਨ ਇੰਟਰਵਿਊ ਵਿੱਚ ਸਫ਼ਲ ਨਾ ਹੋ ਸਕਣ ਵਾਲੇ ਬਿਨੈਕਾਰਾਂ ਲਈ ਵਿਸ਼ੇਸ਼ ਕੌਂਸਲਿੰਗ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਨਾਲ ਹੀ ਸ਼ਖ਼ਸੀਅਤ ਉਸਾਰੀ ਸਬੰਧੀ ਕਲਾਸਾਂ ਵੀ ਲਾਈਆਂ ਜਾਣਗੀਆਂ, ਜਿਸ ਲਈ ਮਾਹਰ ਟਰੇਨਰ ਵੀ ਬੁਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਮੈਗਾ ਰੋਜ਼ਗਾਰ ਮੇਲਿਆਂ ਸਬੰਧੀ ਅਗਲੀ ਮੀਟਿੰਗ 19 ਜੁਲਾਈ ਨੂੰ ਹੋਵੇਗੀ, ਜਿਸ ਵਿੱਚ ਵਿਭਾਗਾਂ ਵੱਲੋਂ ਉਦਯੋਗਪਤੀਆਂ ਤੋਂ ਉਨ੍ਹਾਂ ਦੀ ਮੰਗ ਸਬੰਧੀ ਇਕੱਠੇ ਕੀਤੇ ਅੰਕੜਿਆਂ ਨਾਲ ਰਜਿਸਟਰਡ ਬੇਰੋਜ਼ਗਾਰਾਂ ਦਾ ਮਿਲਾਨ ਕਰ ਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਅਗਸਤ ਮਹੀਨੇ ਵਿੱਚ ਵੀ ਇਸ ਪ੍ਰਕਿਰਿਆ ਨੂੰ ਦੁਹਰਾਇਆ ਜਾਵੇਗਾ ਤਾਂ ਜੋ ਜ਼ਿਲ੍ਹੇ ਦੇ ਹਰੇਕ ਨੌਜਵਾਨ ਨੂੰ ਰੋਜ਼ਗਾਰ ਮੁਹੱਈਆ ਕੀਤਾ ਜਾ ਸਕੇ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੁਹਾਲੀ ਰੁਪਿੰਦਰ ਕੌਰ, ਡਿਪਟੀ ਡਾਇਰੈਕਟਰ ਫੈਕਟਰੀਜ਼ ਨਰਿੰਦਰ ਸਿੰਘ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਐਚ.ਐਸ. ਪਨੂੰ, ਡੀ.ਐਫ.ਐਸ.ਸੀ. ਰੇਨੂੰ ਵਰਮਾ, ਜ਼ਿਲ੍ਹਾ ਮੰਡੀ ਅਫਸਰ ਭਜਨ ਕੌਰ, ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਸਾਹਿਲ ਸ਼ਰਮਾ, ਉਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮਨਜੇਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਰਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਅ) ਸੰਤੋਸ਼ ਰਾਣੀ ਸਮੇਤ ਹੋਰ ਵੀ ਅਧਿਕਾਰੀ ਮੌਜੂਦ ਸਨ।
ਅਧਿਕਾਰੀਆਂ ਨਾਲ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ