ਚਾਨਣ ਤੋਂ ਸੂਰਜ ਪ੍ਰਗਟ ਹੁੰਦਾ ਹੈ, ਧਰਮ ਵੀ ਆਪਣੇ ਗੁਣਾਂ ਅਤੇ ਲੱਛਣਾਂ ਵਿਚ ਪ੍ਰਗਟ ਹੁੰਦਾ ਹੈ। ਧਰਮ ਝਰਨੇ ਦੀ ਤਰ੍ਹਾਂ ਗਤੀਸ਼ੀਲ ਹੈ। ਸੰਪ੍ਰਦਾਇ ਵਿਚ ਅਦਲਾ-ਬਦਲੀ ਹੁੰਦੀ ਹੈ, ਧਰਮ ਵਿਚ ਨਹੀਂ। ਧਰਮ ਵਿਆਪਕ ਹੈ। ਧਰਮ ਪੱਖਪਾਤ ਤੋਂ ਲੈ ਕੇ ਸਭ ਨੂੰ ਇਕ ਸਮਾਨ ਸਮਝਣ ਤਕ ਦਾ ਸਫ਼ਰ ਹੈ। ਉਹ ਬੰਨ੍ਹ ਨਹੀਂ ਹੁੰਦਾ, ਕਿਸੇ ਨੂੰ ਬੰਨ੍ਹਦਾ ਵੀ ਨਹੀਂ। ਧਰਮ ਘਟਨਾਵਾਂ ਦਾ ਨਹੀਂ, ਕਾਰਨਾਂ ਦਾ ਹੱਲ ਕਰਦਾ ਹੈ। ਵਾਸਨਾ ਜਾਂ ਕਾਮ ਵਾਸਨਾ ਜਿਹੋ ਜਿਹੀ ਵੀ ਹੋਵੇ, ਉਹ ਪਲ-ਛਿਣ ਦੀ ਹੁੰਦੀ ਹੈ। ਧਰਮ ਨਿੱਤ ਹੈ, ਨਿਰਵਿਵਾਦ ਹੈ। ਸੁਭਾਅ ਹੀ ਹੈ ਜਿਸ ਦਾ ਹੱਲ ਨਹੀਂ ਹੋ ਸਕਦਾ। ਹਰ ਜੀਵ 'ਚ ਆਤਮ-ਭਾਵ ਹੁੰਦਾ ਹੈ। ਸਾੜਾ ਕੋਈ ਨਹੀਂ ਚਾਹੁੰਦਾ। ਕਰੋਧ, ਲੋਭ, ਤਣਾਅ ਆਦਿ ਵੀ ਉਨ੍ਹਾਂ ਪ੍ਰਤੀ ਹੁੰਦੇ ਹਨ ਜਿੱਥੇ ਜਾਣ-ਪਛਾਣ ਹੁੰਦੀ ਹੈ। ਮਮਤਾ ਦਾ ਘੇਰਾ ਜਿੰਨਾ ਵੱਧ ਹੁੰਦਾ ਹੈ, ਸਬੰਧਾਂ ਵਿਚ ਓਨੀ ਹੀ ਕਠੋਰਤਾ ਬਣੀ ਰਹਿੰਦੀ ਹੈ। ਛੋਟੀ ਜਿਹੀ ਗੱਲ ਜਾਂ ਘਟਨਾ ਦੁਖੀ ਕਰ ਦਿੰਦੀ ਹੈ। ਹਰ ਨੇੜਤਾ ਚਲਾਈਮਾਨ ਹੁੰਦੀ ਹੈ ਜਿੱਥੇ ਚੌਕਸੀ ਲਾਜ਼ਮੀ ਸ਼ਰਤ ਹੈ। ਵਿਵਹਾਰ ਵਿਚ ਕੱਚੇ ਧਾਗੇ 'ਤੇ ਚੱਲਣ ਵਾਲੇ ਹਾਲਾਤ ਹੁੰਦੇ ਹਨ। ਮਾਫ਼ੀ, ਸਰਲਤਾ, ਕੋਮਲਤਾ ਜੀਵ ਦਾ ਸੁਭਾਅ ਹੈ। ਕਰੋਧ, ਸਾੜਾ, ਤਣਾਅ ਜਗਤ ਦਾ ਪ੍ਰਤੀਕਰਮ ਹੈ। ਇਨ੍ਹਾਂ ਦਾ ਅਹਿਸਾਸ ਕਿਸੇ ਵੀ ਰਸਾਇਣਕ ਕਿਰਿਆ ਨਾਲ ਨਹੀਂ ਕੀਤਾ ਜਾ ਸਕਦਾ। ਇਹ ਮਨੋਭਾਵ ਹੈ, ਆਵੇਗ ਅਤੇ ਉਤੇਜਨਾ ਹੈ। ਸਮੁੰਦਰ ਵਿਚ ਤਰੰਗਾਂ ਦਾ ਉੇੱਠਣਾ ਅਤੇ ਡਿੱਗਣਾ ਦੇਖਣ ਵਿਚ ਆਉਂਦਾ ਹੈ। ਇਹੋ ਸਥਿਤੀ ਮਨ ਦੀ ਹੁੰਦੀ ਹੈ। ਉਸ ਵਿਚ ਵੀ ਵੱਖ-ਵੱਖ ਮਨੋਭਾਵ ਉਪਜਦੇ-ਵਿਸਰਦੇ ਰਹਿੰਦੇ ਹਨ। ਮਨੁੱਖ ਵਿਚ ਆਪਣੇ ਭਾਵਾਂ ਨੂੰ ਪਛਾਣਨ ਅਤੇ ਚਿੱਤ ਨਾਲ ਤਾਲਮੇਲ ਕਰਨ ਦੀ ਅਦੁੱਤੀ ਸਮਰੱਥਾ ਹੁੰਦੀ ਹੈ। ਉਸ ਵਿਚ ਗ੍ਰਹਿਣ ਕਰਨ ਅਤੇ ਤਿਆਗ ਕਰਨ ਦੀ ਯੋਗਤਾ ਹੁੰਦੀ ਹੈ। ਮਨੁੱਖ ਕੁਦਰਤ ਦੇ ਅਸੂਲਾਂ ਦੀ ਪਾਲਣਾ ਨਹੀਂ ਕਰਦਾ। ਉਹ ਕੁਦਰਤ ਨੂੰ ਆਪਣੇ ਮਾਫਕ ਬਣਾਉਂਦਾ ਹੈ। ਪਸ਼ੂ-ਪੰਛੀ ਆਦਿ ਹੋਰ ਜੀਵਨ ਕੁਦਰਤ ਦੇ ਮਾਫਕ ਹੋ ਕੇ ਰਹਿੰਦੇ ਹਨ। ਮਨੁੱਖ ਆਪਣੇ ਸਵਾਰਥ ਲਈ ਕੁਝ ਵੀ ਕਰ ਸਕਦਾ ਹੈ। ਆਪਣਾ ਪ੍ਰਭਾਵ ਵਧਾਉਣ ਦਾ ਲੋਭ ਉਸ ਨੂੰ ਪਸ਼ੂ ਵਰਗਾ ਬਣਾ ਦਿੰਦਾ ਹੈ ਜਿੱਥੇ ਉਹ ਆਪਣੇ ਗੁਣਾਂ ਤੋਂ ਬੇਮੁੱਖ ਹੋ ਜਾਂਦਾ ਹੈ। ਇਹ ਉਸ ਦਾ ਵਿਕਾਰ ਹੈ। ਧਰਮ ਨਿੱਤ-ਨਵੀਨ ਹੋਣ ਦੀ ਪ੍ਰੇਰਨਾ ਹੈ। ਆਪਣੇ ਗੁਣ ਵਿਚ ਵੱਕਾਰੀ ਹੋਣ ਦਾ ਪਵਿੱਤਰ ਸੰਕਲਪ ਹੈ। ਬੀਤੇ ਅਤੇ ਮੌਜੂਦਾ ਸਮੇਂ ਦੇ ਸਮੁੱਚੇ ਬੰਧਨਾਂ, ਅੜਿੱਕਿਆਂ ਨੂੰ ਛੱਡ ਕੇ ਹੀ ਨਵੇਂਪਣ ਜਾਂ ਨਵੀਨਤਾ ਵਿਚ ਪ੍ਰਵੇਸ਼ ਸੰਭਵ ਹੈ। ਹਰੇਕ ਜੀਵ, ਵਸਤੂ ਅਤੇ ਪਦਾਰਥ ਹਰ ਪਲ ਬੀਤ ਰਿਹਾ ਹੈ, ਨਵਾਂ ਆ ਰਿਹਾ ਹੈ। ਇਸ ਆਉਣ-ਜਾਣ ਅਤੇ ਰਹਿਣ ਦੇ ਸੁਭਾਅ ਨਾਲ ਤਾਲਮੇਲ ਬਿਠਾ ਕੇ ਜਿਊਣਾ ਚਾਹੀਦਾ ਹੈ।
ਗੁਰਵਿੰਦਰ ਸਿੰਘ ਮੋਹਾਲੀ