ਮਾਨਸੂਨ ਦੇ ਪਹਿਲੇ ਮੀੰਹ ਨੇ ਦਿੱਤੀ ਪ੍ਰਚੰਡ ਗਰਮੀ ਤੋਂ ਰਾਹਤ

ਭਵਾਨੀਗੜ, 6 ਜੁਲਾਈ (ਗੁਰਵਿੰਦਰ ਸਿੰਘ)
-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਪ੍ਰੇਸ਼ਾਨ ਅੱਜ ਲੋਕਾਂ ਨੂੰ ਮਾਨੂਸਨ ਦੀ ਪਹਿਲੀ ਬਾਰਿਸ਼ ਨੇ ਰਾਹਤ ਦਿੱਤੀ। ਜਿਕਰਯੋਗ ਹੈ ਕਿ ਭਿਆਨਕ ਗਰਮੀ ਕਾਰਨ ਲੋਕ ਦਾ ਹਾਲ ਬੇਹਾਲ ਹੋਇਆ ਪਿਆ ਸੀ ਜਿਸ ਕਰਕੇ ਲੋਕਾਂ ਨੂੰ ਸਿਰਫ ਮਾਨਸੂਨ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਤੇ ਮਾਨਸੂਨ ਵਿੱਚ ਦੇਰੀ ਹੋਣ ਕਾਰਨ ਲੋਕ 45 ਡਿਗਰੀ ਤਾਪਮਾਨ ਦਾ ਸਾਹਮਣਾ ਕਰ ਰਹੇ ਸੀ। ਹਾਲਾਂਕਿ ਅੱਜ ਸਵੇਰ ਵੇਲੇ ਵੀ ਤਿੱਖੀ ਧੁੱਪ ਖਿੜੀ ਤੇ ਬਾਅਦ ਵਿੱਚ ਅਚਾਨਕ ਮੌਸਮ ਨੇ ਕਰਵਟ ਲਈ ਅਤੇ ਮਾਨਸੂਨ ਦੀਆਂ ਫੁਹਾਰਾਂ ਨੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਲਿਆ ਦਿੱਤੀ ਤੇ ਪਹਿਲੀ ਬਾਰਿਸ਼ ਨਾਲ ਭਵਾਨੀਗੜ ਇਲਾਕਾ ਵਾਸੀਆਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲੀ। ਗਲੀ ਮੁਹੱਲਿਆਂ ਵਿੱਚ ਛੋਟੇ ਬੱਚਿਆਂ ਨੇ ਨੰਗੇ ਪਿੰਡੇ ਮੀੰਹ ਵਿੱਚ ਨਹਾ ਕੇ ਖੂਬ ਮੀੰਹ ਦਾ ਖੂਬ ਅਨੰਦ ਮਾਣਿਆ ਉੱਥੇ ਹੀ ਬਾਰਿਸ਼ ਪੈਣ ਕਰਕੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ, ਕਿਉਂਕਿ ਇਸ ਸਮੇਂ ਕਿਸਾਨਾਂ ਵੱਲੋਂ ਅਪਣੇ ਖੇਤਾਂ ਵਿੱਚ ਝੋਨੇ ਦੀ ਲਗਾਈ ਕੀਤੀ ਜਾ ਰਹੀ ਹੈ ਅਤੇ ਝੋਨੇ ਲਈ ਪਾਣੀ ਦੀ ਲੋੜ ਬਹੁਤ ਹੁੰਦੀ ਹੈ। ਜਿਸ ਕਰਕੇ ਕਿਸਾਨ ਬਾਗੋ ਬਾਗ ਹੋ ਗਏ। ਓਧਰ,ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਜ਼ੋਰਦਾਰ ਬਾਰਿਸ਼ ਪੈਣ ਦੀ ਸੰਭਾਵਨਾ ਹੈ।