ਭਵਾਨੀਗੜ, 7 ਜੁਲਾਈ (ਗੁਰਵਿੰਦਰ ਸਿੰਘ)- ਪੁਲਸ ਨੇ ਦੋ ਵੱਖ ਵੱਖ ਮਾਮਲਿਆਂ ਵਿੱਚ 624 ਬੋਤਲਾਂ ਨਜ਼ਾਇਜ ਸ਼ਰਾਬ ਬਰਾਮਦ ਕਰਕੇ ਇੱਕ ਅੌਰਤ ਨੂੰ ਕਾਬੂ ਕੀਤਾ ਜਦੋਂਕਿ ਇੱਕ ਵਿਅਕਤੀ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਏ ਅੈਸ ਆਈ ਜਸਵਿੰਦਰ ਸਿੰਘ ਸੀ ਆਈ ਏ ਬਹਾਦਰ ਸਿੰਘ ਵਾਲਾ ਜਦੋਂ ਸਮੇਤ ਪੁਲਸ ਪਾਰਟੀ ਸ਼ਹਿਰ ਵਿੱਚ ਟਰੱਕ ਯੂਨੀਅਨ ਨੇੜੇ ਮੌਜੂਦ ਸੀ ਤਾਂ ਗੁਪਤ ਸੂਚਨਾ ਮਿਲੀ ਕਿ ਰਮਨਦੀਪ ਸਿੰਘ ਉਰਫ ਕਾਤੀਆ ਹਰਿਆਣੇ 'ਚੋਂ ਸ਼ਰਾਬ ਲਿਆ ਕੇ ਆਪਣੀ ਕਾਰ ਵਿੱਚ ਲੋਡ ਕਰਕੇ ਆਲੋਅਰਖ ਰੋਡ 'ਤੇ ਗੈਸ ਏਜੰਸੀ ਨੇੜੇ ਕਾਰ ਵਿੱਚ ਬੈਠਾ ਸ਼ਰਾਬ ਵੇਚਣ ਲਈ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਹੈ। ਸੂਚਨਾ ਦੇ ਅਧਾਰ 'ਤੇ ਕਾਰਵਾਈ ਕੀਤੀ ਗਈ ਤਾਂ ਦੋਸ਼ੀ ਮੌਕੇ ਤੋਂ ਗੱਡੀ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ 600 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬਰਾਮਦ ਕਰਕੇ ਕਾਰ ਨੂੰ ਕਬਜੇ ਵਿੱਚ ਲੈ ਕੇ ਫਰਾਰ ਹੋਏ ਉੱਕਤ ਵਿਅਕਤੀ ਖਿਲਾਫ਼ ਅੈਕਸਾਇਜ ਅੈਕਟ ਅਧੀਨ ਥਾਣਾ ਭਵਾਨੀਗੜ ਵਿਖੇ ਮੁਕੱਦਮਾ ਦਰਜ ਕੀਤਾ। ਇਸੇ ਤਰ੍ਹਾਂ ਏ ਐੱਸ ਆਈ ਪ੍ਰਿਤਪਾਲ ਸਿੰਘ ਥਾਣਾ ਭਵਾਨੀਗੜ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਜੌਲੀਆਂ ਵਿਖੇ ਇਕ ਔਰਤ ਆਪਣੇ ਘਰ ਵਿਚ ਹਰਿਆਣਾ ਮਾਰਕਾ ਸ਼ਰਾਬ ਰੱਖ ਕੇ ਅੱਗੇ ਮਹਿੰਗੇ ਭਾਅ 'ਤੇ ਵੇਚਦੀ ਹੈ, ਜਿਸ ਆਧਾਰ 'ਤੇ ਪੁਲਸ ਨੇ ਛਾਪਾਮਾਰੀ ਕਰਕੇ ਕਰਮਜੀਤ ਕੌਰ ਨੂੰ ਕਾਬੂ ਕਰ ਉਸ ਪਾਸੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬਰਾਮਦ ਕੀਤੀਆਂ। ਪੁਲਸ ਨੇ ਅੌਰਤ ਖਿਲਾਫ਼ ਅੈਕਸਾਇਜ਼ ਅੈਕਟ ਅਧੀਨ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।