ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਨੂੰ ਸਮਰਪਿਤ ਸਮਾਗਮ
ਗੁਰਦੁਆਰਾ ਨੌਵੀਂ ਪਾਤਸ਼ਾਹੀ ਭਵਾਨੀਗੜ ਵਿਖੇ ਗੁਰਮਤਿ ਸਮਾਗਮ ਕਰਵਾਇਆ

ਭਵਾਨੀਗੜ੍ਹ, 7 ਜੁਲਾਈ (ਗੁਰਵਿੰਦਰ ਸਿੰਘ)- ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਇਤਿਹਾਸ ਗੁਰਦੁਆਰਿਆਂ ਵਿੱਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਜਿਸ ਤਹਿਤ ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਵਿਖੇ ਵੀ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਦਰਬਾਰ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਤੋਂ ਰਾਗੀ ਹਜ਼ੂਰੀ ਜਥਾ, ਫਤਹਿਗੜ ਸਾਹਿਬ ਤੋਂ ਬੀਬੀਆਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੀਆਂ ਵਿਚਾਰਾਂ ਸਬੰਧੀ ਜਾਗਰੂਕ ਕੀਤਾ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸਿੰਘ ਸਾਹਿਬ ਭਾਈ ਬਲਵਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਦੀ ਕਥਾ ਕਰਕੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਾ ਕੇ ਲੋਕਾਂ ਨੂੰ ਅੰਧ ਵਿਸ਼ਵਾਸ 'ਚੋਂ ਕੱਢਿਆ ਤੇ ਗਿਆਨ ਦਾ ਪ੍ਰਕਾਸ਼ ਕੀਤਾ ਲੇਕਿਨ ਦੁੱਖ ਦੀ ਗੱਲ ਹੈ ਕਿ ਅੱਜ ਦੇ ਸਮੇਂ ਵਿੱਚ ਦੁਨਿਆਵੀ ਲੋਕ ਅੰਧ ਵਿਸ਼ਵਾਸ ਤੇ ਪਾਖੰਡਾ ਵਿੱਚ ਦੁਬਾਰਾ ਫਸਦੇ ਜਾ ਰਹੇ ਹਨ। ਸਮਾਗਮ ਦੌਰਾਨ ਪਹੁੰਚੇ ਜਥਿਆਂ ਅਤੇ ਸਿੰਘ ਸਾਹਿਬ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀ ਸਿੱਖ ਸੰਗਤ ਨੇ ਪਹੁੰਚ ਕੇ ਕੀਰਤਨ ਵਿਖਿਆਨ ਸੁਣ ਕੇ ਅਪਣਾ ਜੀਵਨ ਸਫਲ ਕੀਤਾ।
ਸਮਾਗਮ ਦੌਰਾਨ ਕੀਰਤਨ ਸੁਣਦੀ ਸੰਗਤ।