ਏਕ ਬੂੰਦ ਜਲ ਕਾਰਨੇ...
ਅੱਜ ਅਸੀਂ ਪਾਣੀ ਨੂੰ ਡਕਾਰਨ ਵਾਲੀਆਂ ਫ਼ਸਲਾਂ ਉਗਾ ਕੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਧ੍ਰੋਹ ਕਮਾ ਰਹੇ ਹਾਂ ??

{ਗੁਰਵਿੰਦਰ ਸਿੰਘ ਮੋਹਾਲੀ} ਜਦੋਂ ਕੋਈ ਪੰਜਾਬੀ 'ਬੂੰਦ-ਬੂੰਦ ਤਰਸ ਗਏ, ਪੁੱਤ ਦਰਿਆਵਾਂ ਦੇ' ਅਲਾਪਦਾ ਹੈ ਤਾਂ ਕਾਲਜਾ ਮੂੰਹ ਨੂੰ ਆਉਂਦਾ ਹੈ। ਪੰਜ ਆਬਾਂ ਦੀ ਧਰਤ ਨੇ ਤਾਂ ਰਿਸ਼ੀਆਂ-ਮੁਨੀਆਂ ਤੇ ਪੀਰ-ਪੈਗੰਬਰਾਂ ਦਾ ਮਨ ਵੀ ਮੋਹਿਆ ਸੀ। ਵੈਦਿਕ ਸੱਭਿਅਤਾ ਵੀ ਇੱਥੇ ਹੀ ਜੰਮੀ-ਪਲੀ ਸੀ। ਅਠਖੇਲੀਆਂ ਕਰਦੇ ਪੰਜ ਦਰਿਆਵਾਂ ਦੇ ਕੰਢਿਆਂ-ਕਿਨਾਰਿਆਂ 'ਤੇ ਸਿੱਖੀ ਪ੍ਰਫੁੱਲਤ ਹੋਈ। ਪ੍ਰਾਚੀਨ ਕਾਲ ਵਿਚ ਸੱਤ ਦਰਿਆਵਾਂ ਦੀ ਇਸ ਜਰਖੇਜ਼ ਧਰਤੀ ਨੂੰ 'ਸਪਤ-ਸਿੰਧੂ' ਕਿਹਾ ਜਾਂਦਾ ਸੀ। ਉਦੋਂ ਚੜ੍ਹਦੇ ਵੱਲ ਸਰਸਵਤੀ ਨਦੀ ਅਤੇ ਲਹਿੰਦੇ ਵੱਲ ਅਟਕ ਦਰਿਆ ਇਸ ਦੀਆਂ ਹੱਦਾਂ-ਸਰਹੱਦਾਂ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵੇਲੇ ਤੋਂ ਹੀ ਪੰਜ-ਆਬ ਸਾਡੀ ਲੋਕਧਾਰਾ ਵਿਚ ਸਮੋਏ ਹੋਏ ਹਨ। ਉੱਤਰੀ ਭਾਰਤ ਦੇ ਪਹਾੜਾਂ ਤੋਂ ਕਲ਼ਕਲ਼ ਕਰਦੇ ਪੰਜ ਦਰਿਆ ਪੰਜਾਬ ਦੇ ਮੈਦਾਨੀ ਹਿੱਸਿਆਂ ਨੂੰ ਸਿੰਜਦੇ ਹਨ ਜਿਸ ਕਰਕੇ ਇਹ ਖੇਤਰ ਦੁਨੀਆ ਦੇ ਸਭ ਤੋਂ ਰਮਣੀਕ ਖਿੱਤਿਆਂ ਵਿਚ ਸ਼ੁਮਾਰ ਹੋਇਆ। ਸੋਹਣੀ-ਮਹੀਵਾਲ, ਹੀਰ-ਰਾਂਝੇ ਤੇ ਅਣਗਿਣਤ ਪ੍ਰੀਤ ਕਹਾਣੀਆਂ ਦੀ ਧਰਤੀ ਹੈ ਪੰਜਾਬ। ਮੁੱਢ-ਕਦੀਮ ਤੋਂ ਹੀ ਦਰਿਆਵਾਂ ਨੇ ਪੰਜਾਬੀਆਂ ਨੂੰ ਦਰਿਆਦਿਲ ਬਣਾਈ ਰੱਖਿਆ। ਦਰਿਆਵਾਂ ਕੰਢੇ ਵਸਣ ਵਾਲੇ ਪੰਜਾਬੀਆਂ ਦੇ ਖ਼ੂਨ ਵਿਚ ਅਣਖ ਤੇ ਸਵੈਮਾਣ ਕੁੱਟ-ਕੁੱਟ ਕੇ ਭਰਿਆ ਹੋਇਆ ਹੈ।ਦਰਿਆਵਾਂ ਨੇ ਪੰਜਾਬੀਆਂ ਨੂੰ ਖ਼ੁਸ਼ਹਾਲੀ ਤੇ ਬਲ ਬਖਸ਼ਿਆ ਜਿਸ ਕਾਰਨ ਉਹ ਰਣ-ਤੱਤੇ ਵਿਚ ਜੂਝਣ ਲੱਗਿਆਂ ਦੇਰ ਨਾ ਲਾਉਂਦੇ। ਸਿਕੰਦਰ ਮਹਾਨ ਨੂੰ ਪੰਜਾਬੀਆਂ ਨੇ ਬਿਆਸ ਨਹੀਂ ਸੀ ਟੱਪਣ ਦਿੱਤਾ। ਲੋਕ-ਕਥਾਵਾਂ ਅਨੁਸਾਰ ਪੰਜਾਬ ਦੀ ਧਰਤੀ ਦਾ ਖਮੀਰ ਹੀ ਅਲੱਗ ਹੈ ਜਿਸ ਨੇ ਪੰਜਾਬੀਆਂ ਨੂੰ ਅਣਖੀਲੇ ਯੋਧੇ ਬਣਾਇਆ ਹੈ। ਇਸੇ ਤਰ੍ਹਾਂ ਪੰਜ-ਆਬ ਦੇ ਅੰਮ੍ਰਿਤ ਵਰਗੇ ਪਾਣੀ ਵਿਚ ਵੀ ਅਲੌਕਿਕ ਸ਼ਕਤੀ ਮੰਨੀ ਜਾਂਦੀ ਸੀ। ਸਾਡੇ ਪੁਰਖਿਆਂ ਨੇ ਕੁਦਰਤੀ ਦਾਤਾਂ ਨੂੰ ਸਾਡੇ ਲਈ ਸੰਭਾਲ ਕੇ ਰੱਖਿਆ ਸੀ ਪਰ ਜ਼ਮੀਨ ਅਤੇ ਆਬੋ-ਹਵਾ ਨੂੰ ਮਲੀਨ ਤੇ ਪਲੀਤ ਕਰਨ ਲਈ ਸਾਡੀ ਆਪਣੀ ਪੀੜ੍ਹੀ ਜ਼ਿੰਮੇਵਾਰ ਹੈ। ਅਸੀਂ ਧਰਤੀ ਮਾਂ ਨੂੰ ਜ਼ਹਿਰੀਲੀ ਬਣਾ ਕੇ ਕੈਂਸਰ ਸਹੇੜਿਆ ਹੈ। ਸੁੱਚੇ ਪਾਣੀਆਂ ਵਿਚ ਰਸਾਇਣ ਤੇ ਮਲ-ਮੂਤਰ ਘੋਲ ਕੇ ਉਨ੍ਹਾਂ ਨੂੰ ਪਲੀਤ ਕੀਤਾ। ਧਰਤੀ ਦੀ ਹਿੱਕ 'ਚੋਂ ਬੇਤਹਾਸ਼ਾ ਪਾਣੀ ਕੱਢ ਕੇ ਉਸ ਨੂੰ ਬੰਜਰ ਬਣਾਉਣ ਦੀ ਕੋਸ਼ਿਸ਼ ਕੀਤੀ। ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਕੇ ਅਸੀਂ ਆਪਣੀ ਹੀ ਸਿਹਤ ਨਾਲ ਖਿਲਵਾੜ ਕੀਤਾ ਹੈ। ਚਿੜੀਆਂ ਨੇ ਚਹਿਚਹਾਉਣਾ ਬੰਦ ਕਰ ਦਿੱਤਾ ਹੈ। ਮੋਰਾਂ ਦੀ ਰੁਣਝੁਣ ਕਿਤੇ-ਕਿਤੇ ਨਜ਼ਰੀਂ ਪੈਂਦੀ ਹੈ। ਗਲੋਬਲ ਵਾਰਮਿੰਗ ਕਰਕੇ ਵੈਸੇ ਵੀ ਮੌਨਸੂਨ ਦਾ ਤਵਾਜ਼ਨ ਵਿਗੜ ਚੁੱਕਾ ਹੈ। ਪਪੀਹੇ (ਬੰਬੀਹੇ) ਦੀ ਸੁਰੀਲੀ ਆਵਾਜ਼ ਕੰਨਾਂ ਵਿਚ ਰਸ ਨਹੀਂ ਘੋਲਦੀ। ਪਹਿਲਾਂ ਪੰਜਾਬ ਦੇ ਜੰਗਲ-ਬੇਲਿਆਂ ਵਿਚ ਚਾਤ੍ਰਿਕ ਤੇ ਹੋਰ ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਮਨ ਨੂੰ ਮੋਹ ਲੈਂਦੀਆਂ ਸਨ। ਜੰਗਲਾਂ ਦੀ ਬੇਤਹਾਸ਼ਾ ਕਟਾਈ ਨੇ ਪੰਛੀਆਂ ਦੇ ਆਲ੍ਹਣੇ ਤਬਾਹ ਕਰ ਦਿੱਤੇ ਹਨ। ਚਾਤ੍ਰਿਕ, ਭਾਵ ਮੇਘ ਤੋਂ ਚਤ (ਮੰਗਣ) ਵਾਲਾ ਪੰਛੀ। ਸਲੋਕ ਮਹਲਾ ਤੀਜਾ ਵਿਚ ਅੰਕਿਤ ਹੈ, '' ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ£'' (ਭਾਵ, ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪ੍ਰਭੂ ਦੀ ਦਰਗਾਹ ਵਿਚ ਸੁਣੀ ਜਾਂਦੀ ਹੈ)। ਅਗਲੀ ਟੂਕ ਹੈ ''ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ'' (ਪ੍ਰਭੂ ਵੱਲੋਂ ਬੱਦਲਾਂ ਨੂੰ ਛਮ-ਛਮ ਵਰਸਣ ਦਾ ਹੁਕਮ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਪਪੀਹਾ (ਚਾਤ੍ਰਿਕ) ਧਰਤੀ 'ਤੇ ਘੱਟ ਉਤਰਦਾ ਹੈ ਅਤੇ ਇਸ ਦਾ ਬਸੇਰਾ ਹਰੇ-ਭਰੇ ਰੁੱਖ ਹੁੰਦੇ ਹਨ। ਇਹ ਵੀ ਪ੍ਰਚਲਿਤ ਹੈ ਕਿ ਪਪੀਹਾ ਧਰਤੀ ਦਾ ਮਟਮੈਲਾ ਪਾਣੀ ਨਹੀਂ ਪੀਂਦਾ। ਉਸ ਦੀ ਤਾਂਘ ਬਸ ਸਵਾਤ ਬੂੰਦ ਹੁੰਦੀ ਹੈ। ਪਪੀਹੇ ਦੀ ਪੁਕਾਰ ਸੁਣ ਕੇ ਮੇਘ ਛਾ ਜਾਂਦਾ ਹੈ। ਸਵਾਤੀ ਨਛੱਤਰ ਤੋਂ ਹੋਣ ਵਾਲੀ ਵਰਖਾ ਦੀ ਇਕ ਬੂੰਦ ਹੀ ਉਸ ਨੂੰ ਜੀਵਨ-ਦਾਨ ਦਿੰਦੀ ਹੈ। ਚਾਤ੍ਰਿਕ ਦੀ ਪੁਕਾਰ ਨਾਲ ਮੇਘ ਵਰ੍ਹਦਾ ਹੈ ਤਾਂ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ। ਅੱਜ ਰੁੱਖਾਂ ਦੇ ਮੁੱਢਾਂ 'ਤੇ ਚੱਲ ਰਹੇ ਕੁਹਾੜਿਆਂ ਨੇ ਬੰਬੀਹੇ ਨੂੰ ਸਾਡੇ ਤੋਂ ਦੂਰ ਕਰ ਦਿੱਤਾ ਹੈ। ਰੁੱਖ ਕੱਟ-ਕੱਟ ਕੇ ਮਨੁੱਖ ਨੇ ਦਰਅਸਲ ਆਪਣੇ ਹੀ ਪੈਰੀਂ ਕੁਹਾੜਾ ਮਾਰਿਆ ਹੈ। ਬੱਚੇ ਵੀ ਗਾਇਆ ਕਰਦੇ ਸਨ, ''ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ।'' ਉਦੋਂ ਬੱਚਿਆਂ ਦੀ ਪੁਕਾਰ ਵੀ ਦਰਗਾਹ ਵਿਚ ਸੁਣੀ ਜਾਂਦੀ ਸੀ ਪਰ ਅੱਜ ਕੁਦਰਤ ਨਾਲ ਖਿਲਵਾੜ ਕਰ ਕੇ ਅੱਜ ਮਨੁੱਖ ਉਸ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ। ਧਰਤੀ ਹੇਠਲਾ ਪਾਣੀ ਦਿਨ-ਬ-ਦਿਨ ਪਤਾਲ ਛੋਹ ਰਿਹਾ ਹੈ। 'ਡਾਰਕ ਜ਼ੋਨਾਂ' ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਸੀਂ ਪਿੰਡਾਂ ਦੇ ਛੱਪੜਾਂ 'ਤੇ ਵੀ ਕਬਜ਼ੇ ਕਰ ਲਏ ਹਨ। ਜਲ-ਸਰੋਤਾਂ ਨੂੰ ਨਸ਼ਟ ਕਰਨ ਵਿਚ ਅਸੀਂ ਕੋਈ ਕਮੀ ਨਹੀਂ ਛੱਡੀ। ਤਲਾਬ ਸੁੱਕ ਰਹੇ ਹਨ। ਚਾਤ੍ਰਿਕ ਵਾਂਗ ਹੁਣ ਮਨੁੱਖ ਵੀ ਬੂੰਦ-ਬੂੰਦ ਪਾਣੀ ਲਈ ਕੂਕ ਰਿਹਾ ਹੈ। ''ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖੁ ਪਾਵੈ। ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ।'' (ਭਾਵ, ਪਪੀਹਾ ਜਲ ਦੀ ਇਕ ਬੂੰਦ ਖਾਤਰ ਦੁਖੀ ਹੁੰਦਾ ਹੈ ਤੇ ਕੂਕਦਾ-ਪੁਕਾਰਦਾ ਹੈ। ਜੇ ਉਡੀਕ ਵਿਚ ਉਸ ਦੀ ਜਿੰਦ ਚਲੀ ਜਾਵੇ ਤਾਂ ਫਿਰ ਉਸ ਨੂੰ ਸਮੁੰਦਰ ਵੀ ਮਿਲ ਜਾਵੇ ਤਾਂ ਉਸ ਦੇ ਕਿਸੇ ਕੰਮ ਨਹੀਂ ਆ ਸਕਦਾ)। ਪਾਣੀ ਦੀ ਥੋੜ੍ਹ ਖੁਣੋਂ ਪੰਜਾਬ, ਉੱਤਰ ਪ੍ਰਦੇਸ਼ ਤੇ ਦੇਸ਼ ਦੇ ਅਣਗਿਣਤ ਹੋਰ ਖੇਤਰਾਂ ਵਿਚ ਹਾਹਾਕਾਰ ਮਚੀ ਹੋਈ ਹੈ। ਜਦੋਂ ਬਰਸਾਤ ਹੁੰਦੀ ਹੈ ਤਾਂ ਮੁੰਬਈ ਸਮੇਤ ਦੇਸ਼ ਦੇ ਅਣਗਿਣਤ ਖੇਤਰ ਡੋਬੇ ਦਾ ਸ਼ਿਕਾਰ ਹੋ ਜਾਂਦੇ ਹਨ। ਕਿਤੇ ਸੋਕਾ ਤੇ ਕਿਤੇ ਡੋਬਾ ਸਾਡੇ ਦੇਸ਼ ਦੀ ਹੋਣੀ ਬਣ ਚੁੱਕਾ ਹੈ। ਸਪੱਸ਼ਟ ਹੈ ਕਿ ਅਸੀਂ ਆਪਣੀਆਂ ਪਾਕ-ਪਵਿੱਤਰ ਨਦੀਆਂ ਅਤੇ ਸਾਗਰਾਂ ਨੂੰ ਸੰਭਾਲ ਕੇ ਨਹੀਂ ਰੱਖਿਆ ਹੋਇਆ। ਅੱਜ ਅਸੀਂ ਉਨ੍ਹਾਂ ਇਲਾਕਿਆਂ ਵਿਚ ਜੀਰੀ ਸਮੇਤ ਪਾਣੀ ਨੂੰ ਜੀਰਨ ਜਾਂ ਡਕਾਰਨ ਵਾਲੀਆਂ ਫ਼ਸਲਾਂ ਉਗਾ ਕੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਧ੍ਰੋਹ ਕਮਾ ਰਹੇ ਹਾਂ। ਆਬੋ-ਹਵਾ ਅਤੇ ਜ਼ਮੀਨ ਨੂੰ ਪਲੀਤ ਹੋਣ ਤੋਂ ਬਚਾਉਣਾ ਹੈ ਤਾਂ ਜ਼ਮੀਨੀ ਹਕੀਕਤਾਂ ਨੂੰ ਸਮਝਣਾ ਹੋਵੇਗਾ। ਮਿੱਠੀਆਂ ਰੁੱਤਾਂ ਨੂੰ ਵਾਪਸ ਬੁਲਾਉਣ ਲਈ ਨਿੱਗਰ ਤੇ ਠੋਸ ਉਪਰਾਲੇ ਕਰਨੇ ਹੋਣਗੇ। ਦਰਿਆਦਿਲ ਲੋਕਾਂ ਦੇ ਜਦੋਂ ਦਿਲ ਪਲੀਤ ਹੋਏ ਤਾਂ ਅਸੀਂ ਆਪਣੇ ਪਾਣੀਆਂ ਨੂੰ ਵੀ ਪਲੀਤ ਕਰ ਦਿੱਤਾ। ਪਿਛਲੇ ਕੁਝ ਦਹਾਕਿਆਂ ਵਿਚ 20 ਲੱਖ ਤੋਂ ਵੱਧ ਖੂਹ, ਤਲਾਬ ਅਤੇ ਜਲ-ਸਰੋਤ ਸੁੱਕ ਚੁੱਕੇ ਹਨ। ਪਾਣੀ ਦੀ ਅੰਨ੍ਹੇਵਾਹ ਵਰਤੋਂ ਅੰਨ੍ਹੇ ਖੂਹਾਂ ਦਾ ਸਬੱਬ ਬਣੀ ਹੈ। ਚੇਨਈ, ਮੁੰਬਈ, ਦਿੱਲੀ ਤੇ ਹੈਦਰਾਬਾਦ ਆਦਿ ਦੁਨੀਆ ਦੇ ਉਨ੍ਹਾਂ ਮਹਾਨਗਰਾਂ ਵਿਚ ਸ਼ਾਮਲ ਹਨ ਜਿੱਥੇ 2030 ਤਕ ਪਾਣੀ ਦੀ ਬੇਹੱਦ ਕਿੱਲਤ ਹੋਵੇਗੀ। ਇਹ ਮਹਾਨਗਰ ਅਫ਼ਰੀਕਾ ਦੇ ਕੇਪ ਸ਼ਹਿਰ ਦੇ ਰਾਹ 'ਤੇ ਚੱਲ ਰਹੇ ਹਨ ਜਿੱਥੇ ਪੀਣ ਵਾਲਾ ਪਾਣੀ ਰਾਸ਼ਨ 'ਤੇ ਮਿਲ ਰਿਹਾ ਹੈ। ਵੈਸੇ ਵੀ ਵਿਸ਼ਵ ਦੇ ਲਗਪਗ 40 ਦੇਸ਼ ਸੋਕੇ ਦੇ ਸ਼ਿਕਾਰ ਹਨ। ਭਾਵ ਕੁੱਲ ਆਲਮ ਦੀ 400 ਕਰੋੜ ਆਬਾਦੀ ਸੰਨ 2030 ਤਕ ਭਿਆਨਕ ਜਲ ਸੰਕਟ ਦਾ ਸ਼ਿਕਾਰ ਹੋ ਜਾਵੇਗੀ ਜਿਸ ਵਿਚ 100 ਕਰੋੜ ਭਾਰਤੀ ਹਨ।