ਹਾਲੀਆ ਆਮ ਚੋਣਾਂ ਵਿਚ ਬੰਗਾਲ ਵਿਚ ਖੱਬੇ-ਪੱਖੀ ਮੋਰਚੇ ਨੂੰ ਇਕ ਵੀ ਸੀਟ ਨਹੀਂ ਮਿਲੀ। ਇਕ ਉਮੀਦਵਾਰ ਨੂੰ ਛੱਡ ਕੇ ਬਾਕੀ ਸਭ ਦੀ ਜ਼ਮਾਨਤ ਜ਼ਬਤ ਹੋ ਗਈ। ਸਤਾਈ ਸਾਲ ਤਕ ਜਯੋਤੀ ਬਾਸੂ ਵਰਗੇ ਮਕਬੂਲ ਨੇਤਾ ਦੇ ਸ਼ਾਸਨ ਮਗਰੋਂ ਖੱਬੇ-ਪੱਖੀ ਮੋਰਚੇ ਦੀ ਅਜਿਹੀ ਦੁਰਗਤੀ 'ਤੇ ਵਿਸ਼ਲੇਸ਼ਣ ਜ਼ਰੂਰੀ ਹੋ ਜਾਂਦਾ ਹੈ। ਮਾਰਕਸਵਾਦੀਆਂ ਦੀ ਧਰਮ ਨਿਰਪੱਖਤਾ ਅਤੇ ਧਰਮ ਤੋਂ ਦੂਰੀ, ਦੋਵੇਂ ਹੀ ਵਿਵਾਦ ਦੇ ਵਿਸ਼ੇ ਬਣ ਗਏ ਹਨ। ਇਕ ਜ਼ਮਾਨਾ ਸੀ ਜਦ ਖੱਬੇ-ਪੱਖੀ ਬੰਗਾਲ ਦੇ ਮੁੱਖ ਧਾਰਮਿਕ ਆਯੋਜਨਾਂ ਵਿਚ ਸ਼ਾਮਲ ਹੋਣ ਵਿਚ ਵੀ ਸ਼ਰਮ ਮਹਿਸੂਸ ਕਰਦੇ ਸਨ। ਇਹੋ ਹਾਲਤ ਕੇਰਲ ਵਿਚ ਵੀ ਸੀ ਜਿੱਥੇ ਹਾਲੀਆ ਲੋਕ ਸਭਾ ਚੋਣਾਂ ਵਿਚ ਖੱਬੇ-ਪੱਖੀ ਮੋਰਚਾ ਇਕ ਨੂੰ ਛੱਡ ਕੇ ਸਾਰੀਆਂ ਸੀਟਾਂ 'ਤੇ ਹਾਰ ਗਿਆ। ਇਸ ਦਾ ਕਾਰਨ ਸਬਰੀਮਾਲਾ ਦਾ ਵਿਵਾਦ ਬਣਿਆ। ਸੁਪਰੀਮ ਕੋਰਟ ਦੇ ਇਕ ਫ਼ੈਸਲੇ ਤਹਿਤ ਇਸ ਮੰਦਰ ਵਿਚ ਔਰਤਾਂ ਨੂੰ ਦਾਖ਼ਲ ਹੋਣ ਦੀ ਆਗਿਆ ਮਿਲੀ ਪਰ ਸਦੀਆਂ ਪੁਰਾਣੀ ਪਰੰਪਰਾ ਉਕਤ ਮੰਦਰ ਵਿਚ ਔਰਤਾਂ ਨੂੰ ਵੜਨ ਤੋਂ ਰੋਕਦੀ ਰਹੀ ਹੈ। ਮਾਰਕਸਵਾਦੀ ਭਾਰਤੀ ਸਮਾਜ 'ਚ ਧਰਮ ਦੀ ਮਹੱਤਤਾ ਨੂੰ ਸਮਝਣ ਵਿਚ ਗ਼ਲਤੀ ਕਰ ਗਏ। ਓਥੇ ਹੀ ਭਾਜਪਾ ਨੇ ਇਸ ਵਿਰੁੱਧ ਜਨ ਅਭਿਆਨ ਚਲਾਇਆ। ਇਸ ਕਾਰਨ ਉਸ ਨੂੰ ਲੋਕ ਸਭਾ ਦੀ ਸੀਟ ਤਾਂ ਨਾ ਮਿਲੀ ਪਰ ਵੋਟ ਫ਼ੀਸਦ ਵਿਚ ਵਾਧਾ ਜ਼ਰੂਰ ਹੋਇਆ। ਇਸ ਮਸਲੇ 'ਤੇ ਸ਼ੁਰੂ ਵਿਚ ਕਾਂਗਰਸ ਪਾਰਟੀ ਦੁਚਿੱਤੀ ਵਿਚ ਰਹੀ। ਕਿਉਂਕਿ ਸੂਬੇ ਵਿਚ ਭਾਜਪਾ ਦਾ ਸੰਗਠਨਾਤਮਕ ਢਾਂਚਾ ਵਿਆਪਕ ਨਹੀਂ ਸੀ, ਇਸ ਲਈ ਕਾਂਗਰਸ ਦੀ ਅਗਵਾਈ ਨੂੰ ਵੀ ਅਣਕਿਆਸੀ ਜਿੱਤ ਮਿਲੀ। ਹਾਲਾਂਕਿ ਸਬਰੀਮਾਲਾ ਘਟਨਾਚੱਕਰ ਤੋਂ ਚਿੰਤਤ ਹੋ ਕੇ ਕੇਰਲ ਦੇ ਮਾਰਕਸਵਾਦੀ ਸੰਗਠਨਾਂ ਦੁਆਰਾ ਕੁਝ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਕੇਰਲ ਵਿਚ ਸੱਤਾਧਾਰੀ ਮਾਕਪਾ ਦੇ ਸੰਸਕ੍ਰਿਤਕ ਸੰਗਠਨਾਂ ਦੁਆਰਾ 'ਰਾਮਾਇਣ ਮਹੀਨੇ' ਦਾ ਪ੍ਰਬੰਧ ਕੀਤਾ ਜਾਣਾ ਅਜਿਹੀ ਹੀ ਕੋਸ਼ਿਸ਼ ਸੀ। ਬੀਤੇ ਸਾਲ ਜੁਲਾਈ ਤੋਂ ਅਗਸਤ ਤਕ ਉੱਥੇ ਮਲਿਆਲਮ ਮਹੀਨਾ ਕਾਰਕੀਡਕਮ ਮਨਾਉਣ ਦੀ ਰਵਾਇਤ ਦੇ ਨਾਲ ਹੀ 'ਰਾਮਾਇਣ ਮਹੀਨੇ' ਦਾ ਆਯੋਜਨ ਪਾਰਟੀ ਦਾ ਏਜੰਡਾ ਬਣਿਆ। ਉੱਥੇ ਅਜਿਹੀਆਂ ਮਾਨਤਾ ਹੈ ਕਿ ਇਸ ਨਾਲ ਗ਼ਰੀਬੀ ਅਤੇ ਬੇਹੱਦ ਬਰਸਾਤ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ। ਕੇਰਲ ਸਰਕਾਰ ਦੀ ਉਕਤ ਪਹਿਲ ਮਗਰੋਂ ਮਾਕਪਾ 'ਤੇ ਅਕਸ ਬਦਲਣ ਦੀ ਕੋਸ਼ਿਸ਼ ਵਰਗੇ ਦੋਸ਼ ਵੀ ਲੱਗੇ। ਅਜਿਹੀਆਂ ਟਿੱਪਣੀਆਂ 'ਤੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਕਮਿਊਨਿਸਟਾਂ ਅਤੇ ਸਮਾਜਵਾਦੀਆਂ ਦੀ ਪਛਾਣ ਨਾਸਤਕ ਵਜੋਂ ਰਹੀ ਹੈ। ਧਰਮ ਨੂੰ ਲੈ ਕੇ ਭਾਰਤੀ ਸਮਾਜ ਤੋਂ ਇਨ੍ਹਾਂ ਦੀ ਦੂਰੀ ਬਣੀ ਰਹੀ ਹੈ। ਬੰਗਾਲ ਵਿਚ ਵੀ ਮਾਰਕਸਵਾਦੀਆਂ ਦੁਆਰਾ ਦੁਰਗਾ ਪੂਜਾ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਰੱਖਣਾ ਉਨ੍ਹਾਂ 'ਤੇ ਭਾਰੂ ਪਿਆ। ਮਾਰਕਸਵਾਦੀ ਚਿੰਤਨ ਦੇ ਲੋਕ ਸਭ ਤਰ੍ਹਾਂ ਦੇ ਧਰਮਾਂ ਨੂੰ ਕ੍ਰਾਂਤੀ ਦੀ ਰਾਹ ਵਿਚ ਰੋੜਾ ਮੰਨਦੇ ਰਹੇ ਹਨ। ਲੈਨਿਨ ਨੇ ਤਾਂ ਧਰਮ ਨੂੰ ਅਫੀਮ ਤਕ ਕਹਿ ਦਿੱਤਾ ਸੀ। ਕੁਝ ਵੀ ਹੋਵੇ, ਸਿਧਾਂਤ ਆਧਾਰਤ ਧਾਰਮਿਕ ਪ੍ਰੋਗਰਾਮ ਅਤੇ ਰਾਜਨੀਤੀ ਲੋਕ ਭਲਾਈ ਦੇ ਹਿੱਤ ਵਿਚ ਹਨ। ਇਸ ਨਾਲ ਧਰਮ ਵੀ ਤਰਕਪੂਰਨ ਹੋਣਗੇ ਅਤੇ ਮਾਰਕਸਵਾਦੀ ਵੀ ਵਿਵਹਾਰਕ ਹੋਣਗੇ।
ਗੁਰਵਿੰਦਰ ਸਿੰਘ ਮੋਹਾਲੀ