ਭਵਾਨੀਗੜ੍ਹ, 10 ਜੁਲਾਈ (ਗੁਰਵਿੰਦਰ ਸਿੰਘ)- ਸਵੇਰ ਸਮੇਂ ਸੈਰ 'ਤੇ ਗਏ ਇੱਕ ਵਿਅਕਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਤਿੰਨ ਕੁ ਸਾਲ ਪਹਿਲਾ ਨਗਰ ਕੌਂਸਲ ਭਵਾਨੀਗੜ 'ਚੋਂ ਸੇਵਾਮੁਕਤ ਹੋਇਆ ਸ਼ੁਭਾਸ਼ ਚੰਦ ਪੁੱਤਰ ਪਾਨਾ ਰਾਮ ਵਾਸੀ ਗਾਂਧੀ ਨਗਰ ਭਵਾਨੀਗੜ ਰੋਜ਼ਾਨਾ ਦੀ ਤਰ੍ਹਾਂ ਬੁੱਧਵਾਰ ਨੂੰ ਵੀ ਸਵੇਰੇ ਸੈਰ ਕਰਨ ਲਈ ਘਰੋਂ ਗਿਆ ਸੀ ਤਾਂ ਟਰੱਕ ਯੂਨੀਅਨ ਨੇੜੇ ਸਰਵਿਸ ਰੋਡ 'ਤੇ ਕਰੀਬ ਸਾਢੇ ਕੁ ਚਾਰ ਵਜੇ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਇਕਲ ਦੇ ਅੱਗੇ ਅਵਾਰਾ ਕੁੱਤਾ ਆ ਜਾਣ ਕਾਰਨ ਮੋਟਰਸਾਇਕਲ ਦਾ ਚਾਲਕ ਅਪਣਾ ਸੰਤੁਲਨ ਗਵਾ ਬੈਠਾ ਜਿਸਦੀ ਸ਼ੁਭਾਸ਼ ਚੰਦ ਨਾਲ ਜੋਰਦਾਰ ਟੱਕਰ ਹੋ ਗਈ। ਹਾਦਸੇ ਵਿੱਚ ਸ਼ੁਭਾਸ਼ ਚੰਦ ਗੰਭੀਰ ਰੂਪ ਵਿੱਚ ਜਖਮੀਂ ਹੋ ਗਿਆ ਜਿਸਨੂੰ ਸਰਕਾਰੀ ਹਸਪਤਾਲ ਭਵਾਨੀਗੜ ਵਿਖੇ ਇਲਾਜ ਲਈ ਲਿਜਾਂਦਾ ਗਿਆ ਜਿੱਥੋਂ ਡਾਕਟਰਾਂ ਨੇ ਪਹਿਲਾਂ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਤੇ ਬਾਅਦ ਵਿੱਚ ਨਾਜੁਕ ਹਾਲਤ ਨੂੰ ਦੇਖਦਿਆਂ ਉਸਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕੀਤਾ ਗਿਆ ਜਿਸਨੇ ਚੰਡੀਗੜ੍ਹ ਜਾਂਦੇ ਸਮੇਂ ਰਾਹ ਵਿੱਚ ਹੀ ਦਮ ਤੋੜ ਦਿੱਤਾ। ਓਧਰ ਪੁਲਸ ਵੱਲੋਂ ਮ੍ਰਿਤਕ ਦੇ ਲੜਕੇ ਸੰਦੀਪ ਕੁਮਾਰ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 174 ਦੇ ਅਧੀਨ ਕਾਰਵਾਈ ਅਮਲ ਵਿੱਚ ਲਿਅਾਂਦੀ ਗਈ।