ਭਵਾਨੀਗੜ, 19 ਜੁਲਾਈ (ਗੁਰਵਿੰਦਰ ਸਿੰਘ)- ਨੈਸ਼ਨਲ ਹਾਇਵੇ 'ਤੇ ਪਿੰਡ ਕਾਲਾਝਾੜ ਨੇੜੇ ਟੋਲ ਪਲਾਜ਼ਾ ਦੇ ਵਰਕਰਾਂ ਵੱਲੋਂ ਅਪਣੀਆਂ ਮੰਗਾ ਅਤੇ ਟੋਲ ਪ੍ਬੰਧਕਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਟੋਲ ਪਲਾਜਾ ਵਰਕਰ ਯੂਨੀਅਨ ਦੇ ਪ੍ਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਇੱਥੇ ਟੋਲ ਮੈਨੇਜਮੈਂਟ ਪਿਛਲੇ ਕਾਫੀ ਸਮੇਂ ਤੋਂ ਵਰਕਰਾਂ ਨਾਲ ਧੱਕੇਸ਼ਾਹੀ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਟੋਲ ਪ੍ਰਬੰਧਕ ਵਰਕਰਾਂ ਤੋਂ ਟੋਲ ਬੂਥਾਂ 'ਤੇ ਲਗਾਤਾਰ ਅੱਠ ਅੱਠ ਘੰਟੇ ਤੱਕ ਬੂਥਾਂ ਨੂੰ ਬਾਹਰੋਂ ਤਾਲੇ ਲਗਾ ਕੇ ਡਿਊਟੀ ਕਰਵਾਉੰਦੇ ਹਨ ਜਿਸ ਕਰਕੇ ਵਰਕਰ ਬੂਥਾਂ ਅੰਦਰ ਹੀ ਬੰਦ ਹੋ ਕੇ ਰਹਿ ਜਾਂਦੇ ਹਨ ਪਰ ਜੇਕਰ ਇਸ ਦੌਰਾਨ ਕਿਸੇ ਵਰਕਰ ਨਾਲ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਤਾਂ ਵੀ ਬੂਥ ਤੋਂ ਬਾਹਰ ਨਹੀਂ ਕੱਢਿਆ ਜਾਂਦਾ। ਆਗੂ ਨੇ ਦੱਸਿਆ ਕਿ ਬੀਤੇ ਦਿਨ ਬੂਥ ਵਿੱਚ ਅਚਾਨਕ ਕਰੰਟ ਆ ਗਿਆ ਤੇ ਅੰਦਰ ਬੈਠੇ ਵਰਕਰ ਨੂੰ ਕਾਫੀ ਜਦੋ ਜਹਿਦ ਮਗਰੋਂ ਬੂਥ 'ਚੋਂ ਬਾਹਰ ਕੱਢਿਆ ਗਿਆ। ਖੁਸ਼ਕਿਸਮਤੀ ਰਹੀ ਕਿ ਵਰਕਰ ਦਾ ਬਚਾਅ ਹੋ ਗਿਆ। ਇਸ ਮੌਕੇ ਹੋਰ ਵਰਕਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬੂਥਾਂ ਅੰਦਰ ਉਨ੍ਹਾਂ ਨੂੰ ਕਈ ਕਿਸਮ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਸਬੰਧੀ ਟੋਲ ਪ੍ਬੰਧਾਂ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ। ਵਰਕਰ ਯੂਨੀਅਨ ਨੇ ਕਿਹਾ ਕਿ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ ਤੇ ਸਰੇਆਮ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮੰਗਾਂ ਨੂੰ ਲੈ ਕੇ ਅੱਜ ਜਦੋਂ ਵਰਕਰ ਯੂਨੀਅਨ ਵੱਲੋਂ ਟੋਲ ਮੈਨੇਜਰ ਨੂੰ ਮੰਗ ਪੱਤਰ ਦੇਣਾ ਸੀ ਤਾਂ ਮੈਨੇਜਰ ਨੇ ਮੰਗ ਪੱਤਰ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ। ਓਧਰ ਮੰਗਾਂ ਅਤੇ ਟੋਲ ਵਰਕਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਟੋਲ ਮੈਨੇਜਰ ਦਾ ਕਹਿਣਾ ਸੀ ਕਿ ਉਹ ਇਸ ਸਬੰਧੀ ਅਪਣੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਇਸ ਸਮੇਂ ਵਰਕਰ ਯੂਨੀਅਨ ਦੇ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ ਲਾਡੀ, ਦਵਿੰਦਰ ਸਿੰਘ, ਜਗਤਾਰ ਸਿੰਘ, ਰਾਜਿੰਦਰ ਸਿੰਘ,ਗੁਰਸੇਵਕ ਸਿੰਘ, ਰਾਜਵਿੰਦਰ ਸਿੰਘ, ਨਰੈਣ ਸਿੰਘ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਸਤਾਰ ਖਾਨ, ਬਿਕਰਮ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰ ਸਿੰਘ, ਜੈਕੀ ਸਿੰਘ ਆਦਿ।
ਪ੍ਬੰਧਕਾਂ ਖਿਲਾਫ਼ ਨਾਅਰੇਬਾਜੀ ਕਰਕੇ ਰੋਹ ਪ੍ਗਟਾਉੰਦੇ ਕਾਲਾਝਾੜ ਟੋਲ ਪਲਾਜਾ ਦੇ ਵਰਕਰ।