ਐਸ.ਏ.ਐਸ. ਨਗਰ, 19 ਜੁਲਾਈ {ਗੁਰਵਿੰਦਰ ਸਿੰਘ ਮੋਹਾਲੀ}
ਐਸ.ਏ.ਐਸ. ਨਗਰ ਦੇ ਨਵ ਨਿਯੁਕਤ ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ. ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਸ੍ਰੀ ਹਰਚਰਨ ਸਿੰਘ ਭੁੱਲਰ ਦੀ ਥਾਂ ਲਈ ਹੈ, ਜਿਨ੍ਹਾਂ ਦਾ ਵਿਜੀਲੈਂਸ ਬਿਉਰੋ ਵਿੱਚ ਤਬਾਦਲਾ ਹੋਇਆ ਹੈ। ਸ੍ਰੀ ਚਾਹਲ ਇਸ ਤੋਂ ਪਹਿਲਾਂ ਵੀ ਇਸ ਜ਼ਿਲ੍ਹੇ ਵਿੱਚ ਐਸ.ਐਸ.ਪੀ. ਦੇ ਅਹੁਦੇ ਉਤੇ ਰਹਿ ਚੁੱਕੇ ਹਨ।
ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਚਾਹਲ ਨੇ ਕਿਹਾ ਕਿ ਪੁਲੀਸ ਜੁਰਮ ਤੇ ਨਸ਼ਿਆਂ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਏਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਰਾਧੀਆਂ ਨੂੰ ਫੜਨ ਤੇ ਸੁਰੱਖਿਅਤ ਮਾਹੌਲ ਸਿਰਜਣ ਵਿੱਚ ਪੁਲੀਸ ਦਾ ਸਹਿਯੋਗ ਦੇਣ। ਉਨ੍ਹਾਂ ਇਹ ਵੀ ਯਕੀਨ ਦਿਵਾਇਆ ਕਿ ਜ਼ਿਲ੍ਹੇ ਵਿੱਚ ਆਵਾਜਾਈ ਪ੍ਰਣਾਲੀ ਨੂੰ ਸੁਚਾਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖਤ ਕਾਰਵਾਈ ਯਕੀਨੀ ਬਣਾਈ ਜਾਵੇਗੀ।