ਜ਼ੀਰਕਪੁਰ ਦੇ ਸੁੰਦਰੀਕਰਨ ਤੇ ਆਵਾਜਾਈ ਨੂੰ ਲੈ ਕੇ ਦੌਰਾ
ਪਿਛਲੇ ਹੁਕਮਾਂ ਉਤੇ ਕਾਰਵਾਈ ਨਾ ਹੋਣ ਉਤੇ ਅਫ਼ਸਰਾਂ ਨੂੰ ਝਾੜ

ਐਸ.ਏ.ਐਸ. ਨਗਰ/ਜ਼ੀਰਕਪੁਰ, 20 ਜੁਲਾਈ (ਗੁਰਵਿੰਦਰ ਸਿੰਘ ਮੋਹਾਲੀ) ਜ਼ੀਰਕਪੁਰ ਫਲਾਈਓਵਰ ਦੇ ਸੁੰਦਰੀਕਰਨ ਅਤੇ ਲਾਲੜੂ ਤੱਕ ਹਾਈਵੇਅ ਨੰਬਰ 152 ਉਤੇ ਹੁੰਦੇ ਹਾਦਸਿਆਂ ਨੂੰ ਘਟਾਉਣ ਲਈ ਆਵਾਜਾਈ ਨੂੰ ਸੁਚਾਰੂ ਕਰਨ ਵਾਸਤੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਜ਼ੀਰਕਪੁਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਜਿੱਥੇ ਆਪਣੇ ਪਿਛਲੇ ਦੌਰੇ ਦੌਰਾਨ ਕੀਤੀਆਂ ਹਦਾਇਤਾਂ ਲਾਗੂ ਹੋਣ ਦੀ ਜ਼ਮੀਨੀ ਹਕੀਕਤ ਦੇਖੀ, ਉਥੇ ਹੁਕਮਾਂ ਨੂੰ ਲਾਗੂ ਨਾ ਕਰਨ ਵਾਲੇ ਅਫ਼ਸਰਾਂ ਨੂੰ ਝਾੜ ਵੀ ਪਾਈ। ਸ੍ਰੀ ਦਿਆਲਨ ਨੇ ਅੱਜ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਐਸ.ਪੀ. ਟਰੈਫਿਕ ਕੇਸਰ ਸਿੰਘ ਤੇ ਹੋਰ ਅਫ਼ਸਰਾਂ ਨਾਲ ਇੱਥੇ ਛੱਤ ਜੰਕਸ਼ਨ ਤੋਂ ਲੈ ਕੇ ਫਲਾਈਓਵਰ ਤੱਕ ਪੈਂਦੇ ਮੁੱਖ ਪੁਆਇੰਟ ਦੇਖੇ ਅਤੇ ਆਵਾਜਾਈ ਦੇ ਪ੍ਰਵਾਹ ਨੂੰ ਸੁਚਾਰੂ ਕਰਨ ਲਈ ਪਹੁੰਚ ਮਾਰਗਾਂ ਜਾਂ ਸੰਪਰਕ ਸੜਕਾਂ ਤੋਂ ਸਿੱਧੀ ਹਾਈਵੇਅ ਤੱਕ ਪਹੁੰਚ ਨੂੰ ਰੋਕਣ ਲਈ ਕਿਹਾ ਤਾਂ ਕਿ ਹਾਦਸਿਆਂ ਨੂੰ ਘਟਾਇਆ ਜਾ ਸਕੇ। ਉਨ੍ਹਾਂ ਛੱਤ ਜੰਕਸ਼ਨ ਤੋਂ ਅੱਗੇ ਸੜਕ ਨੂੰ ਸਿੱਧਾ ਦੂਜੇ ਪਾਸੇ ਜੋੜਨ ਦੀ ਸੰਭਾਵਨਾ ਤਲਾਸ਼ਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਕਈ ਅਦਾਰਿਆਂ ਨੂੰ ਕੌਮੀ ਸ਼ਾਹਰਾਹ ਤੋਂ ਲਗਦੇ ਰਾਹਾਂ ਦੀ ਕੌਮੀ ਸ਼ਾਹਰਾਹ ਅਥਾਰਟੀ ਜਾਂਚ ਕਰੇਗੀ ਕਿ ਕੀ ਉਹ ਸਰਵਿਸ ਲੇਨ ਸਬੰਧੀ ਸ਼ਰਤਾਂ ਪੂਰੀਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ਵਿੱਚ ਕਈ ਥਾਈਂ ਇਕ ਪਾਸੇ ਦੀਆਂ ਸਰਵਿਸ ਲੇਨ ਟੁੱਟੀਆਂ ਹੋਈਆਂ ਪਾਈਆਂ ਗਈਆਂ, ਜਿਸ ਉਤੇ ਉਨ੍ਹਾਂ ਅਧਿਕਾਰੀਆਂ ਨੂੰ ਇਕ ਹਫ਼ਤੇ ਵਿੱਚ ਸਰਵਿਸ ਲੇਨ ਦੀ ਜਾਂਚ ਕਰਨ ਲਈ ਆਖਿਆ। ਉਨ੍ਹਾਂ ਹਾਈਵੇਅਜ਼ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਿੱਥੇ ਸੜਕਾਂ ਸਾਈਨ ਬੋਰਡ ਲਾਉਣੇ ਯਕੀਨੀ ਬਣਾਉਣ, ਉਥੇ ਡਰੇਨੇਜ਼ ਵਿਭਾਗ ਦੇ ਅਧਿਕਾਰੀ ਸੜਕਾਂ ਦੁਆਲੇ ਖੁੱਲ੍ਹੇ ਪਏ ਨਾਲਿਆਂ ਨੂੰ ਵੀ ਢਕਣ ਦਾ ਪ੍ਬੰਧ ਕਰਨ। ਉਨ੍ਹਾਂ ਕਿਹਾ ਕਿ ਕਈ ਅਦਾਰਿਆਂ ਨੇ ਇਸ ਡਰੇਨ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਕੁਨੈਕਸ਼ਨ ਜੋੜੇ ਹੋਏ ਹਨ, ਜਿਨ੍ਹਾਂ ਦੀ ਪਛਾਣ ਕਰ ਕੇ ਕਾਨੂੰਨ ਮੁਤਾਬਕ ਅਜਿਹੇ ਅਦਾਰਿਆਂ ਨੂੰ ਜੁਰਮਾਨਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਜ਼ੀਰਕਪੁਰ ਵਿੱਚ ਹਾਈਵੇਅ ਉਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਉਣ ਲਈ ਕਿਹਾ ਤਾਂ ਕਿ ਆਵਾਜਾਈ ਦੇ ਪ੍ਰਵਾਹ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕੌਮੀ ਸ਼ਾਹਰਾਹ ਅਥਾਰਟੀ (ਐਨ.ਐਚ.ਏ.ਆਈ.) ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ਾਹਰਾਹ ਉਤੇ ਪੈਂਦੀਆਂ ਟਰੈਫਿਕ ਲਾਇਟਾਂ ਚੱਲਣਾ ਯਕੀਨੀ ਬਣਾਉਣ। ਪਿਛਲੇ ਦੌਰੇ ਦੌਰਾਨ ਬੰਦ ਪਈਆਂ ਟਰੈਫਿਕ ਲਾਈਟਾਂ ਚੱਲਣਾ ਯਕੀਨੀ ਨਾ ਬਣਾਉਣ ਉਤੇ ਉਨ੍ਹਾਂ ਅਧਿਕਾਰੀਆਂ ਨੂੰ ਝਾੜ ਵੀ ਪਾਈ। ਸ੍ਰੀ ਦਿਆਲਨ ਨੇ ਕਿਹਾ ਕਿ ਜ਼ੀਰਕਪੁਰ ਫਲਾਈਓਵਰ ਦਾ ਸੁੰਦਰੀਕਰਨ ਅਤੇ ਸ਼ਾਹਰਾਹ 152 ਉਤੇ ਆਵਾਜਾਈ ਦਾ ਪ੍ਰਵਾਹ ਸੁਚਾਰੂ ਰੱਖਣਾ ਪ੍ਰਸ਼ਾਸਨ ਦੀ ਮੁੱਖ ਤਰਜੀਹ ਹੈ, ਜਿਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜ਼ੀਰਕਪੁਰ ਵਿੱਚ ਟਰੈਫਿਕ ਦੀ ਵੱਡੀ ਦਿੱਕਤ ਹੈ, ਜਿਸ ਨੂੰ ਦੂਰ ਕਰਨ ਲਈ ਕੋਸ਼ਿਸ਼ਾਂ ਜਾਰੀ ਹੈ। ਇਸ ਤਹਿਤ ਕੌਮੀ ਹਾਈਵੇਅਜ਼ ਤੋਂ ਹੋਰ ਸੜਕਾਂ ਤੱਕ ਪਹੁੰਚ ਲਈ ਢੁਕਵੀਂ ਕਰਾਸਿੰਗ ਦਿੱਤੀ ਜਾਵੇ ਤਾਂ ਕਿ ਹਾਦਸਿਆਂ ਨੂੰ ਘਟਾਇਆ ਜਾ ਸਕੇ।ਇਸ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ. ਡੇਰਾਬੱਸੀ ਸ੍ਰੀਮਤੀ ਪੂਜਾ ਸਿਆਲ, ਐਸ.ਡੀ.ਐਮ. ਮੁਹਾਲੀ ਜਗਦੀਪ ਸਹਿਗਲ, ਸਹਾਇਕ ਕਮਿਸ਼ਨਰ (ਜ) ਯਸ਼ਪਾਲ ਸ਼ਰਮਾ ਅਤੇ ਸਕੱਤਰ ਆਰ.ਟੀ.ਏ. ਸ੍ਰੀ ਸੁਖਵਿੰਦਰ ਕੁਮਾਰ ਹਾਜ਼ਰ ਸਨ।
ਅਧਿਕਾਰੀਆਂ ਨੂੰ ਹਦਾਇਤਾਂ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ।