ਮੋਟਰਸਾਇਕਲ ਸਵਾਰ ਲੁਟੇਰੇ ਮਜਦੂਰ ਤੋਂ ਮੋਬਾਇਲ ਖੋਹ ਕੇ ਫਰਾਰ
- ਕੁੱਝ ਦਿਨਾਂ 'ਚ ਹੀ ਵਾਪਰੀ ਦੂਜੀ ਘਟਨਾ -

ਭਵਾਨੀਗੜ, 21 ਜੁਲਾਈ (ਗੁਰਵਿੰਦਰ ਸਿੰਘ)- ਪੁਲਸ ਦੀ ਮੁਸਤੈਦੀ ਦੇ ਬਾਵਜੂਦ ਵੀ ਸ਼ਹਿਰ ਤੇ ਇਲਾਕੇ ਵਿੱਚ ਚੋਰ ਲੁਟੇਰੇ ਲਗਾਤਾਰ ਲੁੱਟ ਤੇ ਝਪਟਮਾਰੀ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਦੇਰ ਸ਼ਾਮ ਵੀ ਦੋ ਅਣਪਛਾਤੇ ਮੋਟਰਸਾਇਕਲ ਸਵਾਰ ਲੁਟੇਰੇ ਸ਼ਹਿਰ 'ਚੋਂ ਇੱਕ ਪ੍ਰਵਾਸੀ ਮਜਦੂਰ ਕੋਲੋਂ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਘਟਨਾ ਸਬੰਧੀ ਆਈਏਅੈਲ ਫੈਕਟਰੀ 'ਚ ਕੰਮ ਕਰਦੇ ਨੌਜਵਾਨ ਬਬਲੂ ਪੁੱਤਰ ਦਾਮੋਦਰ ਵਾਸੀ ਓੜੀਸਾ ਹਾਲ ਅਾਬਾਦ ਫੱਗੂਵਾਲਾ ਕੈੰਚੀਆਂ ਨੇ ਦੱਸਿਆ ਕਿ ਉਹ ਸ਼ਨੀਵਾਰ ਦੇਰ ਸ਼ਾਮ ਕਰੀਬ 8 ਕੁ ਵਜੇ ਅਪਣੇ ਕੁਆਰਟਰ ਤੋਂ ਇਕੱਲਾ ਭਵਾਨੀਗੜ ਨੂੰ ਪੈਦਲ ਤੁਰਿਆ ਆ ਰਿਹਾ ਸੀ। ਸ਼ਹਿਰ ਦੇ ਰਾਮਪੁਰਾ ਲਿੰਕ ਰੋਡ ਨੇੜੇ ਜਦੋਂ ਉੱਹ ਅਪਣੇ ਮੋਬਾਇਲ ਫੋਨ 'ਤੇ ਕਿਸੇ ਨਾਲ ਗੱਲ ਕਰ ਰਿਹਾ ਸੀ ਤਾਂ ਇਸ ਦੌਰਾਨ ਮੋਟਰਸਾਇਕਲ ਸਵਾਰ ਦੋ ਮੋਨੇ ਵਿਅਕਤੀ ਸਰੇਆਮ ਡਰਾ ਧਮਕਾ ਕੇ ਉਸ ਕੋਲੋਂ ਮੋਬਾਇਲ ਫੋਨ ਖੋਹ ਕੇ ਹਨੇਰੇ ਦਾ ਫਾਇਦਾ ਚੁੱਕ ਕੇ ਪਟਿਆਲਾ ਵੱਲ ਨੂੰ ਭੱਜ ਨਿਕਲੇ। ਪੀੜ੍ਹਤ ਨੇ ਦੱਸਿਆ ਕਿ ਮੋਬਾਇਲ ਫੋਨ ਖੋਹ ਕੇ ਭੱਜ ਰਹੇ ਲੁਟੇਰਿਆਂ ਬਾਰੇ ਮੌਕੇ 'ਤੇ ਰੌਲਾ ਵੀ ਪਾਇਆ ਪਰੰਤੂ ਕਿਸੇ ਨੇ ਵੀ ਉਸਦੀ ਮਦਦ ਨਹੀਂ ਕੀਤੀ। ਜਿਕਰਯੋਗ ਹੈ ਕਿ ਹਫ਼ਤਾ ਪਹਿਲਾਂ ਵੀ ਮੋਟਰਸਾਇਕਲ ਸਵਾਰ ਦੋ ਲੁਟੇਰੇ ਦਿਨਦਿਹਾੜੇ ਇਸੇ ਤਰਾਂ ਸ਼ਹਿਰ 'ਚੋਂ ਇੱਕ ਲੜਕੀ ਕੋਲੋਂ ਮੋਬਾਇਲ ਫੋਨ ਖੋਹ ਕੇ ਭੱਜ ਗਏ ਸਨ ਜਿਨ੍ਹਾਂ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ ਸੀ ਪਰ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਵੱਧ ਰਹੀਆਂ ਘਟਨਾਵਾਂ ਕਾਰਨ ਲੋਕ ਖੁੱਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਲੋਕਾਂ ਨੇ ਪੁਲਸ ਤੋਂ ਇਲਾਕੇ 'ਚ ਪੈਟ੍ਰੋਲਿੰਗ ਵਧਾਉਣ ਦੀ ਮੰਗ ਕੀਤੀ ਹੈ। ਓਧਰ, ਸ਼ਨੀਵਾਰ ਦੀ ਘਟਨਾ ਬਾਰੇ ਅੈਸਅੈਚਓ ਭਵਾਨੀਗੜ ਗੁਰਿੰਦਰ ਸਿੰਘ ਨੇ ਕਿਹਾ ਕਿ ਹਾਲੇ ਤੱਕ ਇਸ ਸਬੰਧੀ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਪੁਲਸ ਵੱਲੋਂ ਸ਼ਹਿਰ ਵਿੱਚ ਗਸ਼ਤ ਵਧਾਈ ਜਾਵੇਗੀ।
ਪੀੜਤ ਬਬਲੂ ਅਪਣੇ ਨਾਲ ਹੋਈ ਘਟਨਾਂ ਬਾਰੇ ਦੱਸਦਾ ਹੋਇਆ ।