ਭਵਾਨੀਗੜ੍ਹ,25 ਜੁਲਾਈ (ਗੁਰਵਿੰਦਰ ਸਿੰਘ)- ਪਸ਼ੂ ਪਾਲਣ ਵਿਭਾਗ ਵੱਲੋਂ ਭਲਾਈ ਸਕੀਮ ਦੇ ਤਹਿਤ ਦੁਧਾਰੂ ਗਊਆਂ ਦੀ ਬਜਾਏ ਕਥਿਤ ਮਾੜੀ ਕਿਸਮ ਦੇ ਪਸ਼ੂ ਦੇਣ ਤੋਂ ਨਾਰਾਜ਼ ਪਿੰਡ ਭੱਟੀਵਾਲ ਕਲਾਂ ਵਿਖੇ ਕਰੀਬ ਤਿੰਨ ਦਰਜਨ ਵਿਧਵਾ ਅੌਰਤਾਂ ਨੇ ਅੱਜ ਪਸ਼ੂ ਹਸਪਤਾਲ ਦੇ ਗੇਟ ਨੂੰ ਜਿੰਦਰਾ ਲਾ ਕੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ।ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ, ਅਨੁਸੂਚਿਤ ਜਾਤੀ ਤੇ ਸ਼ਹੀਦ ਫੌਜੀਆਂ/ ਪੁਲਸ ਮੁਲਾਜਮਾਂ ਦੀਆਂ ਵਿਧਵਾਵਾਂ ਨੂੰ ਅਪਣੇ ਪੈਰਾਂ 'ਤੇ ਖੜਾ ਕਰਨ ਲਈ ਇੱਕ ਭਲਾਈ ਸਕੀਮ ਦੇ ਤਹਿਤ ਡਰਾਅ ਰਾਹੀਂ 2 ਤੋਂ 3 ਦੁਧਾਰੂ ਪਸ਼ੂ ਜਿਸ ਲਈ ਪ੍ਰਤੀ ਪਸ਼ੂ ਇੱਕ ਹਜ਼ਾਰ ਰੁਪਏ ਨਿਰਧਾਰਤ ਕੀਤੇ ਗਏ ਸਨ। ਉਕਤ ਸਕੀਮ ਦੇ ਤਹਿਤ ਪਿੰਡ ਭੱਟੀਵਾਲ ਕਲਾਂ ਦੀਆਂ ਲਗਭਗ 36 ਵਿਧਵਾਵਾਂ ਵੱਲੋਂ ਪੈਸੇ ਭਰ ਕੇ ਪਸ਼ੂ ਲੈਣ ਵਿੱਚ ਦਿਲਚਸਪੀ ਦਿਖਾਈ ਗਈ ਸੀ ਲੇਕਿਨ ਇਸ ਸਬੰਧੀ ਪਿੰਡ ਦੀਆਂ ਔਰਤਾਂ ਪਰਮਿੰਦਰ ਕੌਰ, ਮਨਜੀਤ ਕੌਰ, ਬਿਮਲਾ ਦੇਵੀ, ਅਮਰਜੀਤ ਕੌਰ, ਸੁਮਨ ਰਾਣੀ, ਸ਼ਾਂਤੀ ਦੇਵੀ, ਲਾਭ ਕੌਰ, ਕਮਲਾ ਦੇਵੀ, ਬਲਜੀਤ ਕੌਰ ਆਦਿ ਨੇ ਦੱਸਿਆ ਕਿ ਜਦੋਂ ਉਹ ਕਿਰਾਏ 'ਤੇ ਵਾਹਨ ਕਰਕੇ ਫਿਰੌਜਪੁਰ ਪਸ਼ੂ ਲੈਣ ਲਈ ਗਈਆਂ ਤਾਂ ਉਨ੍ਹਾਂ ਨੂੰ ਦੁਧਾਰੂ ਦੀ ਥਾਂ 'ਤੇ ਫੰਡਰ ਜਾਂ ਬਿਮਾਰ ਪਸ਼ੂ ਲੈ ਜਾਣ ਲਈ ਦੇ ਦਿੱਤੇ ਗਏ ਜਿੰਨ੍ਹਾਂ ਪਸ਼ੂਆਂ ਨੂੰ ਉਹ ਉੱਥੇ ਹੀ ਛੱਡ ਕੇ ਖਾਲੀ ਹੱਥ ਵਾਪਸ ਪਰਤ ਆਈਆਂ। ਅੌਰਤਾਂ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਵਿਧਵਾਵਾਂ ਨੂੰ ਵੀ ਭਲਾਈ ਸਕੀਮਾਂ ਦੇ ਤਹਿਤ ਗੁੰਮਰਾਹ ਕਰਨ 'ਤੇ ਤੁਲੀ ਹੋਈ ਹੈ। ਅੌਰਤਾਂ ਨੇ ਰੋਸ ਜਤਾਉੰਦਿਆ ਕਿਹਾ ਕਿ ਉਨ੍ਹਾਂ ਨੂੰ ਪੈਸੇ ਭਰਨ ਅਤੇ ਹੋਰ ਖੱਜਲ ਖੁਆਰੀ ਭੁਗਤਨ ਮਗਰੋਂ ਵੀ ਦੁਧਾਰੂ ਪਸ਼ੂ ਨਹੀਂ ਮਿਲੇ ਜਿਸ ਦੇ ਰੋਸ ਵੱਜੋਂ ਅੱਜ ਉਨ੍ਹਾਂ ਨੇ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਪਿੰਡ ਵਿੱਚ ਸਥਿਤ ਪਸ਼ੂ ਡਿਸਪੈੰਸਰੀ ਨੂੰ ਬਾਹਰੋਂ ਤਾਲਾ ਜੜਨ ਲਈ ਮਜਬੂਰ ਹੋਣਾ ਪਿਆ। ਇਸ ਸਬੰਧੀ ਪਿੰਡ ਦੇ ਸਰਪੰਚ ਜਸਕਰਨ ਸਿੰਘ ਲੈਂਪੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪਸ਼ੂ ਪਾਲਣ ਵਿਭਾਗ ਵੱਲੋਂ ਵਿਧਵਾਵਾਂ ਦੇ ਫਾਰਮ ਭਰੇ ਗਏ ਸਨ ਤੇ ਹੁਣ ਜਦੋਂ ਪਸ਼ੂ ਲੈਣ ਦੀ ਵਾਰੀ ਆਈ ਤਾਂ ਵਿਭਾਗ ਅੌਰਤਾਂ ਨੂੰ ਬਿਮਾਰ ਪਸ਼ੂ ਦੇਣਾ ਚਾਹੁੰਦਾ ਸੀ ਜਿਸ ਕਾਰਨ ਵਿਧਵਾਵਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਓਧਰ ਪਸ਼ੂ ਡਿਸਪੈੰਸਰੀ ਵਿੱਚ ਤੈਨਾਤ ਵੈਟਰਨਰੀ ਡਾਕਟਰ ਜਸਕਰਨ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਪਿੰਡ ਵਿੱਚੋੰ ਵਿਧਵਾਵਾ ਨੂੰ ਲਾਭ ਦੇਣ ਲਈ ਇਸ ਸਬੰਧੀ ਫਾਰਮ ਭਰਵਾਏ ਗਏ ਸਨ ਨਾਲ ਹੀ ਉਨਾਂ ਕਿਹਾ ਕਿ ਇਸ ਸਬੰਧੀ ਲਾਭਪਾਤਰੀ ਅੌਰਤਾਂ ਦੀ ਗੱਲ ਨੂੰ ਉਹ ਅਪਣੇ ਉਚਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦੇਣਗੇ।
ਪਿੰਡ ਵਾਸੀਆਂ ਘੇਰਿਆ
ਪਸ਼ੂ ਡਿਸਪੈੰਸਰੀ ਨੂੰ ਜਿੰਦਾ ਮਾਰਦੇ ਨਾਰਾਜ਼ ਪਿੰਡ ਵਾਸੀ।