ਮਾਮਲਾ ਨਕਲੀ ਕਰੰਸੀ ਦਾ
ਨਕਲੀ ਕਰੰਸੀ ਵੰਡਣ ਦੇ ਦੋਸ਼ ਚ ਬਾਜਵਾ ਨੇ ਕਾਰਵਾਈ ਦੀ ਕੀਤੀ ਮੰਗ

ਭਵਾਨੀਗੜ੍ ੧ ਅਗਸਤ {ਗੁਰਵਿੰਦਰ ਸਿੰਘ}ਪਿਛਲੇ ਦਿਨੀਂ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਤੇ ਪੈਂਦੇ ਕਾਲਾਝਾੜ ਟੋਲ ਪਲਾਜ਼ਾ ਤੇ ਵਰਕਰਾਂ ਵੱਲੋਂ ਮੈਨੇਜਮੈਂਟ ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬਕਾਏ ਵਿੱਚ ਨਕਲੀ ਕਰੰਸੀ ਮੋੜਨ ਲਈ ਮਜ਼ਬੂਰ ਕਰਨ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਹੁਣ ਟੋਲ ਪਲਾਜ਼ਾ ਤੇ ਕੰਮ ਕਰਨ ਵਾਲੇ ਵਰਕਰਾਂ ਦੇ ਹੱਕ ਵਿੱਚ ਵੱਖ ਵੱਖ ਪਾਰਟੀਆਂ ਦੇ ਆਗੂ ਨਿੱਤਰ ਗਏ ਹਨ। ਟੋਲ ਪਲਾਜ਼ਾ ਮੈਨੇਜਮੈਂਟ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਵੱਡੀ ਗਿਣਤੀ ਵਿੱਚ ਆਗੂਆਂ ਸਮੇਤ ਪਹੁੰਚ ਕੇ ਚੌਕੀ ਇੰਚਾਰਜ ਕਾਲਾਝਾੜ ਨੂੰ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਟੋਲ ਕੰਪਨੀ ਵੱਲੋਂ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਨਕਲੀ ਨੋਟ ਅਤੇ ਨਕਲੀ ਸਿੱਕੇ ਦੇ ਕੇ ਦੂਹਰੀ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਲੋਕਲ ਮੁਲਾਜਮਾਂ ਨੂੰ ਵਿਸ਼ਵਾਸ ਦਵਾਇਆ ਕਿ ਮੈਂ ਤੁਹਾਡੇ ਨਾਲ ਹਰ ਸਮੇਂ ਖੜੇ ਹਾਂ ਅਤੇ ਅਸੀਂ ਵਰਕਰਾਂ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਹੋਣ ਦਿਆਂਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਝਨੇੜੀ ਕਾਂਗਰਸ ਪਾਰਟੀ ਦੇ ਯੂਥ ਆਗੂ ਦਰਸ਼ਨ ਸਿੰਘ ਕਾਲਾਝਾੜ,ਲਾਲੀ ਗਰੇਵਾਲ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਅਤੇ ਟੋਲ ਮੁਲਾਜ਼ਮਾਂ ਨੇ ਕਾਲਾਝਾੜ ਚੌਕੀ ਵਿਖੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਜਦੋਂ ਇਸ ਸਬੰਧੀ ਕਾਲਾਝਾੜ ਚੌਕੀ ਇੰਚਾਰਜ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਕਾਰਵਾਈ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਟੋਲ ਪਲਾਜ਼ਾ ਮੈਨੇਜਮੈਂਟ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਕਾਲਾਝਾੜ ਚੌਕੀ ਵਿਖੇ ਰਾਜਨੀਤਕ ਆਗੂ ਅਤੇ ਇਲਾਕਾ ਨਿਵਾਸੀ।