ਭਵਾਨੀਗੜ 5 ਅਗਸਤ {ਗੁਰਵਿੰਦਰ ਸਿੰਘ} ਪੰਜਾਬ ਏਕਤਾ ਪਾਰਟੀ ਦੇ ਸੰਗਰੂਰ ਤੋਂ ਜਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਦੇਸ਼ ਦੀ ਅਜ਼ਾਦੀ ਸਮੇਂ ਭਾਰਤ ਦੀ ਸਰਕਾਰ, ਸੰਸਦ ਅਤੇ ਸੰਵਿਧਾਨ ਨੇ ਜੋ ਵਿਸ਼ੇਸ਼ ਅਧਿਕਾਰ ਜੰਮੂ ਕਸ਼ਮੀਰ ਨੂੰ ਦਿੱਤੇ ਸਨ, ਉਹਨਾਂ ਸਾਰਿਆਂ ਨੂੰ ਛਿੱਕੇ ਉੱਤੇ ਟੰਗ ਕੇ ਅੱਜ ਭਾਜਪਾ ਸਰਕਾਰ ਨੇ ਨਾ ਸਿਰਫ ਆਰਟੀਕਲ 370 ਨੂੰ ਰੱਦ ਕੀਤਾ ਹੈ ਬਲਕਿ ਜੰਮੂ ਕਸ਼ਮੀਰ ਜੋ ਕਿ ਵੱਧ ਅਧਿਕਾਰ ਮੰਗ ਰਿਹਾ ਸੀ, ਉਸ ਨੂੰ ਦਿੱਲੀ ਵਾਂਗ ਇੱਕ ਬਿਨਾਂ ਅਧਿਕਾਰਾਂ ਤੋਂ UT ਬਣਾਕੇ ਰੱਖ ਦਿੱਤਾ ਹੈ। ਇਹ ਭਾਰਤ ਦੇ ਸੰਵਿਧਾਨ ਦੀ ਤੋਹੀਨ ਹੈ। ਬਲਕਿ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਕੀਤਾ ਗਿਆ ਇੱਕ ਵੱਡਾ ਧੋਖਾ ਅਤੇ ਕੋਝਾ ਮਜਾਕ ਵੀ ਹੈ। ਓਹਨਾ ਕਿਹਾ ਕਿ ਅਜਾਦੀ ਸਮੇਂ ਜੰਮੂ ਕਸ਼ਮੀਰ ਨੇ ਭਾਰਤ ਵਿੱਚ ਸ਼ਾਮਿਲ ਹੋਣ ਲਈ ਆਰਟੀਕਲ 370 ਦੇ ਵਿਸ਼ੇਸ਼ ਅਧਿਕਾਰਾਂ ਦੀ ਮੰਗ ਕੀਤੀ ਸੀ। ਬਾਜਵਾ ਨੇ ਅੱਗੇ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ(ਬਾਦਲ) ਜੋ ਭਾਜਪਾ ਨਾਲ ਗਠਜੋੜ ਰੱਖਦੀ ਹੈ ਹਮੇਸ਼ਾ ਫੈਡਰਲ ਢਾਂਚੇ ਅਤੇ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਦੀ ਮੰਗ ਕਰਦੀ ਸੀ, ਪਰ ਅੱਜ ਬਹੁਤ ਹੀ ਸ਼ਰਮ ਵਾਲਾ ਦਿਨ ਹੈ ਕਿ ਉਹ ਮਹਿਜ ਵਜਾਰਤਾਂ ਬਚਾਉਣ ਲਈ ਘੱਟ ਗਿਣਤੀਆਂ ਅਤੇ ਜੰਮੂ ਕਸ਼ਮੀਰ ਨਾਲ ਕੀਤੇ ਜਾ ਰਹੇ ਧੋਖੇ ਵਿੱਚ ਭਾਜਪਾ ਦਾ ਸਾਥ ਦੇ ਰਹੀ ਹੈ। ਆਰ ਐਸ ਐਸ ਅਤੇ ਭਾਜਪਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਕੀਤੀ ਜਾਣ ਵਾਲੇ ਧੱਕੇਸ਼ਾਹੀ ਭਾਰਤ ਵਿੱਚ ਵਸਦੀਆਂ ਘੱਟ-ਗਿਣਤੀ ਕੌਮੀਅਤਾਂ ਭਾਵੇਂ ਉਹ ਕਸ਼ਮੀਰੀ ਨੇ, ਪੰਜਾਬੀ ਨੇ, ਉੱਤਰ-ਪੂਰਬੀ ਅਤੇ ਦੱਖਣੀ ਸੂਬਿਆਂ ਦੇ ਲੋਕ ਨੇ ਉਹਨਾਂ ਲਈ ਮਾਰੂ ਏਜੰਡਾ ਹੈ 'ਤੇ ਇਹਨਾਂ ਕੌਮੀਅਤਾਂ ਦੀ ਵੱਖਰੀ ਹਸਤੀ ਖ਼ਤਮ ਕਰਨ ਦਾ ਏਜੰਡਾ ਹੈ | ਇਸੇ ਲਈ ਜਬਰ ਦੇ ਸਤਾਏ ਇਸ ਖ਼ੂਬਸੂਰਤ ਵਾਦੀ ਦੇ ਲੋਕਾਂ ਦੇ ਹੱਕੀ ਮੰਗਾਂ-ਮਸਲਿਆਂ ਦੀ ਹਮਾਇਤ ਕਰਨੀ ਅੱਜ ਇਕੱਲੇ ਕਸ਼ਮੀਰ ਦੇ ਲੋਕਾਂ ਦਾ ਨਹੀਂ ਸਗੋਂ ਸਮੁੱਚੇ ਭਾਰਤ, ਪੰਜਾਬ 'ਤੇ ਕੁੱਲ ਲੋਕਾਈ ਦੇ ਇਨਸਾਫ਼ ਪਸੰਦ ਲੋਕਾਂ ਦਾ ਫਰਜ਼ ਹੈ | ਹਰਪ੍ਰੀਤ ਸਿੰਘ ਬਾਜਵਾ ਨੇ ਅੰਤ ਵਿੱਚ ਕਿਹਾ ਕਿ ਮੈਂ ਭਾਰਤ ਦਾ ਵਾਸੀ ਹੁੰਦੇ ਹੋਏ ਭਾਜਪਾ ਸਰਕਾਰ ਦੇ ਇਸ ਗੈਰਸੰਵਿਧਾਨਕ ਕਦਮ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਅਤੇ ਵਿਰੋਧ ਕਰਦਾ ਹਾਂ ।