ਮੀਹ ਦਾ ਪਾਣੀ ਹਫਤੇ ਬਾਅਦ ਵੀ ਮੁਹੱਲੇ 'ਚ ਛੱਪੜ ਬਣਿਆ ਖੜਾ
ਮੁਹੱਲਾ ਵਾਸੀਆਂ ਕੀਤੀ ਨਗਰ ਕੌਂਸਲ ਤੇ ਸਰਕਾਰ ਖਿਲਾਫ਼ ਨਾਅਰੇਬਾਜੀ

ਭਵਾਨੀਗੜ੍ਹ, 6 ਅਗਸਤ (ਗੁਰਵਿੰਦਰ ਸਿੰਘ)- ਸ਼ਹਿਰ ਦੇ ਨਵੇ ਬੱਸ ਸਟੈੰਡ ਦੇ ਪਿੱਛੇ ਸਥਿਤ ਕਲੋਨੀਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਛੱਪੜ ਦਾ ਰੂਪ ਧਾਰੀ ਖੜੇ ਮੀੰਹ ਦੇ ਪਾਣੀ ਕਾਰਣ ਉੱਥੋਂ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ 6 ਦਿਨ ਪਹਿਲਾਂ ਹੋਈ ਬਰਸਾਤ ਦਾ ਪਾਣੀ ਅੱਜ ਵੀ ਉਨ੍ਹਾਂ ਦੇ ਗਲੀ ਮੁਹੱਲਿਆਂ ਵਿੱਚ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਰਕੇ ਜਮਾਂ ਹੋਇਆ ਖੜਾ ਹੈ। ਜਿਸ ਕਰਕੇ ਖੜੇ ਪਾਣੀ ਉੱਪਰ ਮੱਖੀ ਮੱਛਰਾਂ ਦੀ ਭਾਰੀ ਫੌਜ ਜਨਮ ਲੈ ਰਹੀ ਹੈ ਜੋ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਕਾਰਣ ਬਣ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਮੱਸਿਆ ਦੇ ਹੱਲ ਲਈ ਉਹ ਕਈ ਵਾਰ ਨਗਰ ਕੌੰਸਲ ਦੇ ਅਧਿਕਾਰੀਆਂ ਨੂੰ ਮਿਲ ਚੱਕੇ ਹਨ ਪਰੰਤੂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਮੁਹੱਲਾ ਵਾਸੀਆਂ ਨੇ ਕਿਹਾ ਕਿ ਨਗਰ ਕੌਂਸਲ ਦੇ ਇਸ ਬੇਰੁਖੀ ਵਾਲੇ ਰਵੱਈਏ ਦੇ ਚਲਦਿਆਂ ਸਕੂਲ, ਕਾਲਜ ਜਾਣ ਸਮੇਂ ਉਨ੍ਹਾਂ ਦੇ ਬੱਚਿਆਂ ਨੂੰ ਗਲੀਆਂ 'ਚ ਖੜੇ ਗੰਦੇ ਪਾਣੀ ਵਿੱਚੋਂ ਦੀ ਹੋ ਕੇ ਲੰਘਣਾ ਪੈ ਰਿਹਾ ਹੈ ਇਨ੍ਹਾਂ ਹੀ ਨਹੀ ਕਈ ਮੇਨ ਹੋਲਾਂ ਦੇ ਢੱਕਣ ਵੀ ਟੁੱਟੇ ਪਏ ਹਨ ਜਿਨ੍ਹਾਂ ਵਿੱਚ ਹਨੇਰੇ ਸਵੇਰੇ ਕੋਈ ਵੀ ਵਿਅਕਤੀ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਇਸ ਮੌਕੇ ਇਕੱਤਰ ਹੋਏ ਮੁਹੱਲਾਵਾਸੀ ਜਗਮਿੰਦਰ ਸਿੰਘ, ਗੁਰਦਰਸ਼ਨ ਸਿੰਘ, ਸਿਕੰਦਰ ਸਿੰਘ, ਹੰਸ ਰਾਜ, ਮਦਨ ਲਾਲ,ਮਹਿੰਦਰਪਾਲ, ਸੱਤਿਆ ਜੀਤ, ਵਿਜੇ ਵਰਮਾ, ਵਿਕਾਸ ਕੁਮਾਰ, ਚਰਨਜੀਤ ਸੱਗੂ,ਵਿਜੇ ਕੁਮਾਰ, ਸੁਰਿੰਦਰ ਕੁਮਾਰ, ਧਰਮਪਾਲ, ਦੇਵਰਾਜ, ਧਨਵੰਤ ਸਿੰਗਲਾ ਆਦਿ ਨੇ ਨਗਰ ਕੌਂਸਲ ਤੇ ਸਰਕਾਰ ਖਿਲਾਫ਼ ਨਾਅਰੇਬਾਜੀ ਕਰਦਿਆਂ ਮਾੜੇ ਨਿਕਾਸੀ ਦੇ ਪ੍ਬੰਧਾਂ ਨੂੰ ਤੁਰੰਤ ਦਰੁਸਤ ਕਰਨ ਦੀ ਮੰਗ ਕੀਤੀ ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਹੀਂ ਜਲਦ ਨਹੀਂ ਹੁੰਦਾ ਤਾਂ ਮੁਹੱਲਾਵਾਸੀ ਨੈਸ਼ਨਲ ਹਾਈਵੇ ਜਾਮ ਕਰਨ ਲਈ ਮਜਬੂਰ ਹੋਣਗੇ।