ਹਾਈ ਅਲਰਟ ਦੇ ਮੱਦੇਨਜ਼ਰ ਪੁਲਿਸ ਵਲੋਂ ਵਿਸ਼ੇਸ਼ ਚੈਕਿੰਗ
ਪੁਲਸ ਪ੍ਸ਼ਾਸਨ ਹੋਇਆ ਮੁਸਤੈਦ ,ਨਾਕੇ ਲਾ ਕੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ

ਭਵਾਨੀਗੜ੍ਹ, 9 ਅਗਸਤ (ਗੁਰਵਿੰਦਰ ਸਿੰਘ) ਕੇੰਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਅਤੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਜਾਰੀ ਹਾਈ ਅਲਰਟ ਦੇ ਤਹਿਤ ਸ਼ਹਿਰ ਵਿੱਚ ਪੁਲਸ ਪ੍ਰਸ਼ਾਸਨ ਵੱਲੋਂ ਮੁਸਤੈਦੀ ਵਧਾ ਦਿੱਤੀ ਗਈ ਹੈ। ਜਿਸ ਸਬੰਧ ਵਿੱਚ ਡੀਅੈਸਪੀ ਭਵਾਨੀਗੜ ਸੁਖਰਾਜ ਸਿੰਘ ਘੁੰਮਣ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਗੁਰਿੰਦਰ ਸਿੰਘ ਥਾਣਾ ਮੁਖੀ ਭਵਾਨੀਗੜ੍ਹ ਦੀ ਨਿਗਰਾਨੀ ਹੇਠ ਭਵਾਨੀਗੜ ਪੁਲਸ ਵੱਲੋਂ ਅੱਜ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਆਉਂਣ ਜਾਣ ਵਾਲੇ ਹਰੇਕ ਛੋਟੇ ਵੱਡੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਇਸ ਮੌਕੇ ਏਐੱਸਆਈ ਅਜੈਬ ਸਿੰਘ ਥਾਣਾ ਭਵਾਨੀਗੜ ਨੇ ਦੱਸਿਆ ਕਿ ਦੇਸ਼ ਭਰ ਵਿੱਚ ਜਾਰੀ ਹਾਈ ਅਲਰਟ ਦੇ ਚਲਦਿਆਂ ਪੁਲਸ ਵੱਲੋਂ ਇਲਾਕੇ ਵਿੱਚ ਵਿਸ਼ੇਸ਼ ਨਾਕੇ ਲਗਾ ਕੇ ਸ਼ੱਕੀ ਲੋਕਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਪੂਰੀ ਤਰਾਂ ਨਾਲ ਸਰਗਰਮੀ ਦਿਖਾਈ ਜਾ ਰਹੀ ਹੈ। ਪੁਲਸ ਵੱਲੋਂ ਟੀਮਾਂ ਬਣਾ ਕੇ ਦੋ ਪਹੀਆ ਵਾਹਨਾਂ ਸਮੇਤ ਟਰੱਕਾਂ ਤੇ ਹਾਈਵੇ ਤੋਂ ਲੰਘਣ ਵਾਲੀਆਂ ਸਰਕਾਰੀ ਤੇ ਨਿੱਜੀ ਬੱਸਾਂ ਨੂੰ ਰੋਕ ਯਾਤਰੀਆਂ ਦੇ ਸਮਾਨ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਜੋ ਆਉੰਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਪੁਲਸ ਦੀ ਚੈੰਕਿੰਗ ਟੀਮ ਵਿੱਚ ਏਅੈਸਆਈ ਸਾਹਿਬ ਸਿੰਘ ਧਨੋਆ ਟ੍ਰੈਫਿਕ ਇੰਚਾਰਜ ਭਵਾਨੀਗੜ, ਜਸਵੀਰ ਸਿੰਘ ਏਐੱਸਆਈ, ਹਰਮੇਘ ਸਿੰਘ ਏਐੱਸਆਈ, ਹੌਲਦਾਰ ਸੁਖਵਿੰਦਰ ਸਿੰਘ ਬੀਂਬੜ ਸਮੇਤ ਹੋਰ ਪੁਲਸ ਮੁਲਾਜ਼ਮ ਸ਼ਾਮਲ ਸਨ।