ਭਵਾਨੀਗੜ, 18 ਅਗਸਤ (ਗੁਰਵਿੰਦਰ ਸਿੰਘ) ਮੌਸਮ ਵਿਭਾਗ ਦੇ ਪੂਰਬ ਅਨੁਮਾਨ ਮੁਤਾਬਿਕ ਸੂਬੇ ਭਰ ਸਮੇਤ ਇਲਾਕੇ 'ਚ ਪਏ ਰਿਕਾਰਡਤੋੜ ਮੀੰਹ ਨੇ ਕੁੱਝ ਘੰਟਿਆਂ ਵਿੱਚ ਹੀ ਜਿੱਥੇ ਸ਼ਹਿਰ ਦੀ ਤਸਵੀਰ ਵਿਗਾੜ ਕੇ ਰੱਖ ਦਿੱਤੀ ਤੇ ਮੀਂਹ ਦੇ ਪਾਣੀ ਨੇ ਨੈਸ਼ਨਲ ਹਾਈਵੇ ਨੂੰ ਝੀਲ 'ਚ ਤਬਦੀਲ ਕਰ ਦਿੱਤਾ ਉੱਥੇ ਹੀ ਨੇੜਲੇ ਪਿੰਡ ਘਰਾਚੋਂ ਵਿੱਚ ਚਾਰ ਗਰੀਬ ਮਜਦੂਰਾਂ ਦੇ ਦੋ ਘਰ ਭਾਰੀ ਮੀੰਹ ਕਾਰਣ ਡਿੱਗ ਗਏ। ਹਾਲਾਂਕਿ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀ ਲੇਕਿਨ ਘਰਾਂ ਦਾ ਸਮਾਨ ਛੱਤ ਦੇ ਮਲਬੇ ਹੇਠ ਦੱਬ ਕੇ ਖਰਾਬ ਹੋ ਗਿਆ। ਇਸ ਸਬੰਧੀ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਕਰੀਬ ਦੁਪਹਿਰ ਤੋਂ ਹੀ ਇਲਾਕੇ 'ਚ ਪੈ ਰਹੇ ਭਾਰੀ ਮੀੰਹ ਦੇ ਕਾਰਣ ਪਿੰਡ ਵਿੱਚ ਇੱਕ ਹੀ ਕੱਚੇ ਮਕਾਨ ਵਿੱਚ ਰਹਿੰਦੇ ਦਿਹਾੜੀ ਕਰਕੇ ਅਪਣੇ ਪਰਿਵਾਰਾਂ ਦਾ ਪੇਟ ਪਾਲਦੇ ਤਿੰਨ ਭਰਾਵਾਂ ਕਰਮ ਸਿੰਘ, ਬਿੰਦਰ ਸਿੰਘ ਅਤੇ ਜੋਰਾ ਸਿੰਘ ਪੁੱਤਰਾਨ ਸੁਰਜਨ ਸਿੰਘ ਦਾ ਘਰ ਬੀਤੀ ਰਾਤ ਕਰੀਬ 9 ਕੁ ਵਜੇ ਢਹਿ ਢੇਰੀ ਹੋ ਗਿਆ। ਉਨ੍ਹਾਂ ਦੱਸਿਆ ਕੇ ਮਕਾਨ ਦੀ ਛੱਤ ਡਿੱਗਣ ਕਾਰਨ ਮਜਦੂਰ ਪਰਿਵਾਰ ਦੇ ਕੁੱਝ ਮੈੰਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਪਰਿਵਾਰ ਦੇ ਬਾਕੀ ਮੈੰਬਰ ਵਾਲ ਵਾਲ ਬਚ ਗਏ। ਇਸੇ ਤਰਾਂ ਭਾਰੀ ਮੀੰਹ ਕਾਰਣ ਪਿੰਡ ਦੇ ਇੱਕ ਹੋਰ ਗਰੀਬ ਦਿਹਾੜੀਦਾਰ ਮਜਦੂਰ ਅਵਤਾਰ ਸਿੰਘ ਦੇ ਘਰ ਦੀ ਛੱਤ ਵੀ ਡਿੱਗ ਪਈ ਜਿਸ ਕਾਰਨ ਕਮਰੇ 'ਚ ਪਿਆ ਉਸਦਾ ਘਰੇਲੂ ਸਾਮਾਨ ਪੂਰੀ ਤਰਾਂ ਨਾਲ ਨੁਕਸਾਨਿਆ ਗਿਆ। ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਗਰੀਬ ਪਰਿਵਾਰਾਂ ਦੇ ਹੋਏ ਨੁਕਸਾਨ ਬਦਲੇ ਯੋਗ ਮੁਆਵਜਾ ਦੇਣ ਦੀ ਮੰਗ ਕੀਤੀ ਹੈ।
ਭਾਰੀ ਮੀੰਹ ਕਾਰਣ ਪਿੰਡ ਘਰਾਚੋੰ 'ਚ ਗਰੀਬ ਪਰਿਵਾਰ ਦੇ ਡਿੱਗੇ ਕਮਰੇ ਦਾ ਦ੍ਰਿਸ਼।