ਆਦਰਸ਼ ਸਕੂਲ ਚ ਨਿੱਜੀ ਕੰਪਨੀ ਦੀ ਭਾਈਵਾਲੀ ਰੱਦ
ਸ.ਸੀ.ਸੈ. ਸਕੂਲ ਭੱਟੀਵਾਲ ਕਲਾਂ ਦੇ ਪ੍ਰਿੰਸੀਪਲ ਜਸਪਾਲ ਸਿੰਘ ਨੂੰ ਸਕੂਲ ਦਾ ਵਾਧੂ ਚਾਰਜ ਦਿੱਤਾ

ਭਵਾਨੀਗੜ੍ 20 ਅਗਸਤ (ਗੁਰਵਿੰਦਰ ਸਿੰਘ) ਪੰਜਾਬ ਸਿੱਖਿਆ ਵਿਕਾਸ ਬੋਰਡ ਵੱਲੋਂ ਆਦਰਸ਼ ਸਕੂਲ ਬਾਲਦ ਖੁਰਦ ਸਮੇਤ ਸੂਬੇ ਦੇ 6 ਜਿਲ੍ਹਿਆਂ ਵਿੱਚ 8 ਸਕੂਲਾਂ ਦਾ ਪ੍ਬੰਧ ਦੇਖ ਰਹੀ ਨਿੱਜੀ ਕੰਪਨੀ ਸ਼ਹੀਦ ਊਧਮ ਸਿੰਘ ਅੈਜੂਕੇਸ਼ਨ ਅੈੰਡ ਵੈਲਫੇਅਰ ਸੁਸਾਇਟੀ ਨਾਲ ਹੋਏ ਇਕਰਾਰਨਾਮੇ ਨੂੰ ਰੱਦ ਕਰਦਿਆਂ ਇਨ੍ਹਾਂ ਦੇ ਪ੍ਰਬੰਧ ਅਗਲੇ ਹੁਕਮਾਂ ਤੱਕ ਜਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਸੌਂਪ ਦਿੱਤੇ ਹਨ। ਜਿਸ ਤਹਿਤ ਬੀਤੇ ਦਿਨੀਂ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਗਰੂਰ ਚਰਨਜੀਤ ਬਾਤਿਸ਼ ਨੇ ਆਦਰਸ਼ ਸਕੂਲ ਬਾਲਦ ਖੁਰਦ ਦਾ ਦੌਰਾ ਕੀਤਾ ਅਤੇ ਸਕੂਲ ਦੇ ਰਿਕਾਰਡ ਦੀ ਜਾਂਚ ਕਰਕੇ ਸਕੂਲ ਸਟਾਫ਼ ਨਾਲ ਸਕੂਲ ਦੇ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ। ਜਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਭੱਟੀਵਾਲ ਕਲਾਂ ਦੇ ਪ੍ਰਿੰਸੀਪਲ ਜਸਪਾਲ ਸਿੰਘ ਨੂੰ ਆਦਰਸ਼ ਸਕੂਲ ਬਾਲਦ ਖ਼ੁਰਦ ਦਾ ਵਾਧੂ ਚਾਰਜ ਦਿੱਤਾ ਗਿਆ। ਜਿਨ੍ਹਾਂ ਨੇ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਦੀ ਹਾਜਰੀ ਵਿੱਚ ਅਪਣਾ ਅਹੁੱਦਾ ਸੰਭਾਲਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਆਦਰਸ਼ ਸਕੂਲ ਬਾਲਦ ਖ਼ੁਰਦ ਸੰਘਰਸ਼ ਕਮੇਟੀ ਦੇ ਆਗੂ ਹਰਭਜਨ ਸਿੰਘ ਹੈਪੀ ਨੇ ਦੱਸਿਆ ਕਿ ਸਕੂਲ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਜਿਸ ਤਹਿਤ ਸਿੱਖਿਆ ਵਿਭਾਗ ਪੰਜਾਬ ਦੇ ਡੀ.ਜੀ.ਅੈਸ.ਈ. ਮੁਹੰਮਦ ਤਾਈਅਬ ਨੇ 13 ਅਗਸਤ ਨੂੰ ਸਕੂਲਾਂ ਦਾ ਪ੍ਰਬੰਧ ਚਲਾਉੰਣ ਸੰਬੰਧੀ ਕੰਪਨੀ ਨਾਲ ਹੋਏ ਇਕਰਾਰਨਾਮੇ ਨੂੰ ਰੱਦ ਕਰ ਦਿੱਤਾ। ਹੈਪੀ ਨੇ ਦੱਸਿਆ ਕਿ ਉਕਤ ਭਾਈਵਾਲ ਕੰਪਨੀ ਨਾਲ ਸਮਝੌਤਾ ਰੱਦ ਕਰਨ ਦੇ ਪਿੱਛੇ ਸੂਬੇ ਦੇ 8 ਸਕੂਲਾਂ ਵਿਚ 117 ਅਧਿਆਪਕਾਂ ਨੂੰ ਜਾਅਲੀ ਦਰਸਾ ਕੇ ਸਰਕਾਰ ਪਾਸੋਂ ਤਨਖਾਹ ਦੇ ਰੂਪ ਵਿੱਚ ਮੋਟੀ ਰਕਮ ਵਸੂਲ ਕਰਨਾ ਮੁੱਖ ਕਾਰਣ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੰਪਨੀ ਵੱਲੋਂ ਅਧਿਆਪਕ ਸਟਾਫ ਨੂੰ ਤਨਖਾਹਾਂ ਵੀ ਸਮੇਂ ਸਿਰ ਨਾ ਦੇਣਾ, ਵਿਦਿਆਰਥੀਆਂ ਨੂੰ ਸਰਕਾਰ ਦੀ ਹਦਾਇਤਾਂ ਅਨੁਸਾਰ ਸਹੂਲਤਾਂ ਮੱਹੱਈਆ ਨਾ ਕਰਾਵਾਉੰਣਾ ਆਦਿ ਸਮੇਤ ਕਈ ਬੇਨਿਯਮੀਆਂ ਦਾ ਹੋਣਾ ਸ਼ਾਮਿਲ ਹੈ। ਆਦਰਸ਼ ਸਕੂਲਾਂ ਸਬੰਧੀ ਆਏ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ, ਅੈਸ.ਅੈਮ.ਸੀ. ਕਮੇਟੀ ਅਤੇ ਅਧਿਆਪਕਾਂ ਵੱਲੋਂ ਸਾਂਝੇ ਤੌਰ 'ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਸਮੇਤ ਡੀਜੀਅੈਸਈ ਪੰਜਾਬ ਦਾ ਧੰਨਵਾਦ ਕੀਤਾ।
ਆਦਰਸ਼ ਸਕੂਲ ਬਾਲਦ ਖੁਰਦ ਵਿਖੇ ਚਾਰਜ ਸੰਭਾਲਣ ਮੌਕੇ ਪ੍ਰਿੰਸੀਪਲ ਜਸਪਾਲ ਸਿੰਘ।