ਭਵਾਨੀਗੜ 20 ਅਗਸਤ:{ਗੁਰਵਿੰਦਰ ਸਿੰਘ}ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਭਵਾਨੀਗੜ ਦੇ ਵੱਖ ਵੱਖ ਪਿੰਡਾਂ ਮਹਿਸਮਪੁਰ, ਨੰਦਗੜ੍ਹ, ਗਹਿਲਾਂ, ਰਸੂਲਪੁਰ ਛੰਨਾਂ, ਦਿੱਤੂਪਰ ਆਦਿ ਦਾ ਦੌਰਾ ਕਰਕੇ ਬਰਸਾਤੀ ਪਾਣੀ ਸਬੰਧੀ ਸਥਿਤੀ ਦਾ ਜਾਇਜ਼ਾ ਲਿਆ। ਸਿੰਗਲਾ ਨੇ ਪਿੰਡਾਂ ਦੇ ਨਿਵਾਸੀਆਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਹਰੇਕ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਅਤੇ ਨੁਕਸਾਨੀ ਗਈ ਫ਼ਸਲ ਦਾ ਬਣਦਾ ਮੁਆਵਜ਼ਾ ਮੁਹੱਈਆ ਕਰਵਾਉਣ ਲਈ ਫੌਰੀ ਢੁਕਵੇਂ ਕਦਮ ਪੁੱਟੇ ਜਾਣਗੇ। ਉਨ੍ਹਾਂ ਘਾਬਦਾਂ ਚੋਏ ਦੇ ਪਾਣੀ ਦੀ ਲਪੇਟ ਵਿੱਚ ਆਉਣ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੰਦ ਪਏ ਸਾਈਫਨਾਂ ਨੂੰ ਮੁੜ ਬਣਾਏ ਜਾਣ ਦੇ ਆਦੇਸ਼ ਵੀ ਦਿੱਤੇ।ਇਸ ਮੌਕੇ ਸਿੰਗਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਰਾਜ ਦੇ ਕੁਝ ਜ਼ਿਲ੍ਹਿਆਂ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ ਜਿਸ ਦੇ ਮੱਦੇਨਜ਼ਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੁਦ ਰੂਪਨਗਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ ਹੈ। ਸ਼੍ਰੀ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਤਰਫੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਉਹ ਵੀ ਆਪਣੇ ਹਲਕੇ ਵਿੱਚ ਪਿੰਡਾਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਜਿਹੜੇ ਵੀ ਪਿੰਡਾਂ ਵਿੱਚ ਬਰਸਾਤੀ ਪਾਣੀ ਕਾਰਨ ਕੋਈ ਨੁਕਸਾਨ ਹੋਇਆ ਹੈ ਉਸ ਦਾ ਬਣਦਾ ਮੁਆਵਜ਼ਾ ਦੇਣ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।ਕੈਬਨਿਟ ਮੰਤਰੀ ਨੇ ਦੱਸਿਆ ਕਿ ਮੌਕੇ 'ਤੇ ਹੀ ਕੁਝ ਕਿਸਾਨਾਂ ਵੱਲੋਂ ਇਹ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਡਰੇਨ ਦੇ ਪਾਣੀ ਨਾਲ ਜਿਥੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਉਥੇ ਹੀ ਕੁਝ ਘਰਾਂ ਵਿੱਚ ਵੀ ਪਾਣੀ ਨੇ ਨੁਕਸਾਨ ਪਹੁੰਚਾਇਆ ਹੈ। ਕਿਸਾਨਾਂ ਨੇ ਡਰੇਨ ਦੀ ਡੂੰਘੀ ਪੁਟਾਈ ਕਰਨ ਅਤੇ ਦੋਵਾਂ ਪਾਸਿਆਂ 'ਤੇ ਢੁਕਵੀਂ ਪਟੜੀ ਬਣਾਉਣ ਦੀ ਮੰਗ ਵੀ ਕੀਤੀ ਜਿਸ ਪ੍ਰਤੀ ਸ਼੍ਰੀ ਸਿੰਗਲਾ ਨੇ ਹਾਂ ਪੱਖੀ ਹੁੰਗਾਰਾ ਦਿੰਦਿਆਂ ਜਲਦੀ ਹੀ ਕਾਰਵਾਈ ਅਮਲ ਵਿੱਚ ਲਿਆਂਦੇ ਜਾਣ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਐਸ.ਡੀ.ਐਮ ਅੰਕੁਰ ਮਹਿੰਦਰੂ, ਤਹਿਸੀਲਦਾਰ ਜੀਵਨ ਗਰਗ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।