ਸੰਗਰੂਰ, 2 ਸਤੰਬਰ ( ਯਾਦਵਿੰਦਰ ) ਨੈਸ਼ਨਲ ਇੰਟੀਗਰੇਟਡ ਮੈਡੀਕਲ ਐਸੋਸੀਏਸ਼ਨ (ਨੀਮਾ) ਦੀ ਸਥਾਨਕ ਯੂਨਿਟ ਵੱਲੋਂ ਹੋਟਲ ਰੈਮਸਨ ਕਰਾਊਨ ਵਿਖੇ ਬੋਰਡ ਆਫ ਆਯੂਰਵੈਦਿਕ ਅਤੇ ਯੂਨਾਨੀ ਮੈਡੀਸਨ ਸਿਸਟਮ ਆਫ ਪੰਜਾਬ ਅਤੇ ਗੁਰੂ ਰਵਿਦਾਸ ਆਯੂਸ਼ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਸੰਜੀਵ ਗੋਇਲ ਦਾ ਸੈਂਟਰਲ ਕੌਂਸਲ ਆਫ ਇੰਡੀਅਨ ਮੈਡੀਸਨ ਦੀ ਭਾਰਤ ਵਿੱਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਕਾਰਜਕਾਰਨੀ ਮੈਂਬਰ ਚੁਣੇ ਜਾਣ ਉੱਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਰਕਾਰੀ ਆਯੂਰਵੈਦਿਕ ਕਾਲਜ ਦੇ ਰਿਟਾਇਰਡ ਪ੍ਰੋਫੈਸਰ ਡਾ ਬੀ ਕੇ ਕੌਸ਼ਿਕ ਨੇ ਆਯੂਰਵੈਦਿਕ ਡਾਕਟਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਯੂਰਵੈਦਿਕ ਤਰੀਕੇ ਨਾਲ ਮਰੀਜਾਂ ਦੀ ਰੋਗ ਪ੍ਰਤੀਰੋਧਕ ਤਾਕਤ ਵਧਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗਰਭਵਤੀ ਔਰਤਾਂ ਨੂੰ ਹਰ ਮਹੀਨੇ ਆਯੂਰਵੈਦਿਕ ਤਰੀਕੇ ਨਾਲ ਖਾਣ ਪੀਣ ਦਾ ਢੰਗ ਸਿਖਾਇਆ ਜਾਵੇ ਤਾਂ ਹੋਣ ਵਾਲੇ ਬੱਚੇ ਦੀ ਵੀ ਰੋਗ ਪ੍ਰਤੀਰੋਧਕ ਤਾਕਤ ਵੱਧ ਜਾਂਦੀ ਹੈ। ਡਾ ਕੌਸ਼ਿਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਗਰਿਹਣੀ ਦੇ ਰੋਗੀਆਂ ਨੂੰ ਵਿਸ਼ੇਸ਼ ਆਯੂਰਵੈਦਿਕ ਢੰਗ "ਵਸਤੀ" ਨਾਲ ਠੀਕ ਕੀਤਾ ਜਾ ਸਕਦਾ ਹੈ।ਬੋਰਡ ਆਫ ਆਯੂਰਵੈਦਿਕ ਅਤੇ ਯੂਨਾਨੀ ਮੈਡੀਸਨ ਸਿਸਟਮ ਆਫ ਪੰਜਾਬ ਦੇ ਮੈਂਬਰ ਡਾ ਰਵੀ ਕਾਂਤ ਮਦਾਨ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਬੋਰਡ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਸੰਜੀਵ ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਯੋਗ ਨੇ ਦੁਨੀਆਂ ਵਿੱਚ ਪਹਿਚਾਣ ਬਣਾਈ ਹੈ ਉਸੇ ਤਰੀਕੇ ਨਾਲ ਆਯੂਰਵੈਦ ਵੀ ਪੂਰੀ ਦੁਨੀਆਂ ਦੇ ਦੇਸ਼ਾਂ ਵਿੱਚ ਆਪਣਾ ਸਥਾਨ ਬਣਾ ਰਿਹਾ ਹੈ ਅਤੇ ਪ੍ਰਚੱਲਿਤ ਹੋ ਰਿਹਾ ਹੈ। ਉਨ੍ਹਾਂ ਸਬੰਧਤ ਸਾਰੇ ਡਾਕਟਰਾਂ ਨੂੰ ਸਮੇਂ ਸਿਰ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ। ਇਸ ਮੌਕੇ ਉੱਤੇ ਡਾ ਸੰਜੀਵ ਗੋਇਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਜਾਰੀ ਕੀਤੀਆਂ ਆਯੂਸ਼ ਡਾਕ ਟਿਕਟਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ।ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ ਰੇਨੂੰਕਾ ਕਪੂਰ ਨੇ ਨੈਸ਼ਨਲ ਇੰਟੀਗਰੇਟਡ ਮੈਡੀਕਲ ਐਸੋਸੀਏਸ਼ਨ ਵੱਲੋਂ ਕਰਵਾਏ ਸਮਾਰੋਹ ਲਈ ਆਪਣੀਆਂ ਸ਼ੁੱਭ ਇਛਾਵਾਂ ਜਾਹਰ ਕੀਤੀਆਂ। ਨੀਮਾ ਦੇ ਸੂਬਾ ਪ੍ਰਧਾਨ ਡਾ ਪਰਮਿੰਦਰ ਬਜਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਪੰਜਾਬ ਭਰ ਵਿੱਚ ਜਨਤਾ ਵਿੱਚ ਨਿਰੋਗਤਾ ਲਈ ਜਾਗਰੂਕਤਾ ਲਈ ਕਈ ਪ੍ਰੋਗਰਾਮ ਕਰਵਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਸੰਗਰੂਰ ਵਿੱਚ ਐਸੋਸੀਏਸ਼ਨ ਦੇ ਵਿਦਿਆਰਥੀਆਂ ਅਤੇ ਔਰਤਾਂ ਲਈ ਅਲੱਗ ਵਿੰਗ ਤਿਆਰ ਕਰਨ ਬਾਰੇ ਕਿਹਾ। ਇਸ ਮੌਕੇ ਡਾ ਰਾਕੇਸ਼ ਸਿੰਗਲਾ, ਸ਼੍ਰੀ ਰਾਕੇਸ਼ ਸ਼ਰਮਾ ਸੁਪਰਡੈਂਟ ਆਯੂਰਵੈਦਾ, ਡਾ ਅਮਨ ਕੌਸ਼ਲ, ਡਾ ਐਮ ਐਸ ਖਾਨ, ਡਾ ਮੁਹੰਮਦ ਅਕਮਲ, ਡਾ ਮਲਕੀਤ ਸਿੰਘ, ਡਾ ਸੰਦੀਪ ਜੈਦਕਾ, ਡਾ ਨਮੀਤਾ, ਡਾ ਵਾਹਿਦ ਮੁਹੰਮਦ, ਡਾ ਲਲਿਤ ਕਾਂਸਲ, ਡਾ ਕਾਫਿਲਾ ਖਾਨ, ਡਾ ਦਵਿੰਦਰ ਕੁਮਾਰ, ਡਾ ਰੁਬੀਨਾ, ਡਾ ਕਮਲ ਭਾਰਤੀ, ਡਾ ਪਵਨ ਅਗਰਵਾਲ, ਡਾ ਆਸ਼ੂ ਚੋਪੜਾ, ਅਤੇ ਡਾ ਜਤਿੰਦਰਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।