ਠੇਕੇਦਾਰਾਂ ਖਿਲਾਫ਼ ਕਾਰਵਾਈ ਨਾ ਹੋਣ 'ਤੇ ਭੜਕੇ ਪਿੰਡ ਵਾਸੀ
ਲੋਕਾਂ ਨੇ ਕੀਤਾ ਥਾਣੇ ਦਾ ਘਿਰਾਓ

ਭਵਾਨੀਗੜ, 4 ਸਤੰਬਰ (ਗੁਰਵਿੰਦਰ ਸਿੰਘ) ਪੁਲਸ ਵੱਲੋਂ ਸ਼ਰਾਬ ਦੇ ਠੇਕੇਦਾਰਾਂ ਖਿਲਾਫ਼ ਕਾਰਵਾਈ ਨਾ ਕਰਨ ਦੇ ਰੋਸ ਵੱਜੋਂ ਅੱਜ ਪਿੰਡ ਬਾਲਦ ਕਲਾਂ ਦੇ ਵਸਨੀਕਾਂ ਨੇ ਭਵਾਨੀਗੜ ਪੁਲਸ ਥਾਣੇ ਦਾ ਘਿਰਾਓ ਕਰਕੇ ਪੁਲਸ ਪ੍ਸ਼ਾਸ਼ਨ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਗੁਰਬਖਸ਼ੀਸ਼ ਸਿੰਘ, ਕਰਨੈਲ ਸਿੰਘ, ਸਰਪੰਚ, ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਸ਼ਰਾਬ ਦੇ ਠੇਕੇਦਾਰਾਂ ਦੀ ਲਾਪ੍ਰਵਾਹੀ ਕਾਰਨ ਇੱਕ ਕਾਰ ਜਿਸ ਵਿੱਚ ਨਜਾਇਜ ਸ਼ਰਾਬ ਹੋਣ ਬਾਰੇ ਕਿਹਾ ਜਾ ਰਿਹਾ ਹੈ ਬੇਕਾਬੂ ਹੋ ਕੇ ਕੰਧ ਨੂੰ ਤੋੜਿਆ ਇੱਕ ਘਰ ਵਿੱਚ ਜਾ ਵੜੀ ਸੀ। ਇਸ ਦੌਰਾਨ ਅਪਣੀ ਗੱਡੀ 'ਚ ਮੌਕੇ 'ਤੇ ਪਹੁੰਚੇ ਸ਼ਰਾਬ ਦੇ ਠੇਕੇਦਾਰਾਂ ਨੇ ਲੋਕਾਂ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਪਿੰਡ ਦੇ ਲੋਕ ਭੜਕ ਗਏ। ਲੋਕਾਂ ਵੱਲੋਂ ਤਲਾਸ਼ੀ ਲੈਣ 'ਤੇ ਉਨ੍ਹਾਂ ਦੀ ਗੱਡੀ 'ਚੋਂ ਲੋਹੇ ਦੇ ਰਾਡ, ਲਾਠੀਆਂ ਤੇ ਹੋਰ ਹਥਿਆਰਾ ਨੂੰ ਬਰਾਮਦ ਕਰਕੇ ਪੁਲਸ ਹਵਾਲੇ ਕਰ ਦਿੱਤੇ ਸਨ ਤੇ ਪੁਲਸ ਨੇ ਵੀ ਪਿੰਡ ਵਾਸੀਆਂ ਨੂੰ ਮਾਮਲੇ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ ਲੇਕਿਨ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਨੇ ਠੇਕੇਦਾਰਾਂ ਖਿਲਾਫ਼ ਕੋਈ ਕਾਰਵਾਈ ਤਾਂ ਕੀ ਕਰਨੀ ਸੀ ਬਲਕਿ ਉਲਟਾ ਪਿੰਡ ਵਾਸੀਆਂ 'ਤੇ ਹੀ ਸ਼ਰਾਬ ਚੋਰੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਜਿਸ ਗੱਲ ਤੋਂ ਖਫਾ ਪਿੰਡ ਦੇ ਲੋਕਾਂ ਨੂੰ ਅੱਜ ਪੁਲਸ ਥਾਣੇ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ। ਖਬਰ ਲਿਖੇ ਜਾਣ ਤੱਕ ਲੋਕ ਧਰਨੇ 'ਤੇ ਡਟੇ ਹੋਏ ਸਨ। ਇਸ ਮੌਕੇ ਗੁਰਦੇਵ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਗੁਰਬਖਸ਼ੀਸ਼ ਸਿੰਘ, ਜਰਨੈਲ ਸਿੰਘ, ਸਾਧੂ ਸਿੰਘ, ਤਾਰਾ ਸਿੰਘ, ਬਾਰਾਂ ਸਿੰਘ, ਜੰਗ ਸਿੰਘ ਨੰਬਰਦਾਰ, ਅਜੈਬ ਸਿੰਘ, ਰਾਜ ਸਿੰਘ ਪੰਚ, ਨਾਨਕ ਸਿੰਘ ਪੰਚ, ਰਾਮ ਸਿੰਘ ਆਦਿ ਹਾਜ਼ਰ ਸਨ। ਓਧਰ, ਏਅੈਸਆਈ ਪਵਿੱਤਰ ਸਿੰਘ ਥਾਣਾ ਭਵਾਨੀਗੜ ਨੇ ਕਿਹਾ ਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ, ਦੋਸ਼ੀਆ ਨੂੰ ਬਖਸ਼ਿਆ ਨਹੀਂ ਜਾਵੇਗਾ।
ਭਵਾਨੀਗੜ ਥਾਣੇ ਦਾ ਘਿਰਾਓ ਕਰਦੇ ਪਿੰਡ ਬਾਲਦ ਕਲਾਂ ਦੇ ਲੋਕ।