ਮੁੜ ਚਰਚਾ ਚ ਆਦਰਸ਼ ਸਕੂਲ ਬਾਲਦ ਖੁਰਦ ,ਆਪ ਆਗੂਆਂ ਬੱਚਿਆਂ ਦਾ ਭਵਿੱਖ ਖਤਰੇ ਚ ਪਾਉਣ ਦੇ ਲਾਏ ਲਾਏ ਦੋਸ਼
ਮੈ ਪ੍ਰਿੰਸੀਪਲ ਨਹੀਂ ਪ੍ਬੰਧਕ ਹਾਂ :-ਮੈਡਮ ਜਸਪ੍ਰੀਤ ਕੌਰ ਸਿੱਧੂ

ਭਵਾਨੀਗੜ੍ਹ 16 ਸਤੰਬਰ (ਗੁਰਵਿੰਦਰ ਸਿੰਘ )ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਆਦਰਸ਼ ਸਕੂਲ ਵਿੱਚ ਪੜ੍ਨ ਵਾਲੇ ਬੱਚਿਆਂ ਦੇ ਮਾਪਿਆਂ ਨੇ ਭਵਾਨੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਆਪ ਦੇ ਸੀਨੀਅਰ ਆਗੂ ਹਰਭਜਨ ਸਿੰਘ ਹੈਪੀ ਅਤੇ ਗੁਰਦੀਪ ਸਿੰਘ ਫੱਗੂਵਾਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁਰਦ ਵਿਖੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਨਜ਼ਰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਦਰਸ਼ ਸਕੂਲਾਂ ਨੂੰ ਪਹਿਲਾਂ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੁਸਾਇਟੀ ਚਲਾ ਰਹੀ ਸੀ ਪਰ ਅਧਿਆਪਕਾਂ ਦੀਆਂ ਤਨਖ਼ਾਹਾਂ ਪਿਛਲੇ ਲੰਮੇ ਸਮੇਂ ਤੋਂ ਨਾ ਦੇਣ ਕਾਰਨ ਸਿੱਖਿਆ ਵਿਭਾਗ ਨੇ ਵੈੱਲਫੇਅਰ ਸੁਸਾਇਟੀ ਤੋਂ ਸੇਵਾਵਾਂ ਵਾਪਸ ਲੈ ਲਈਆਂ ਸਨ। ਉਸ ਤੋਂ ਬਾਅਦ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਅਫ਼ਸਰ ਨੇ ਪਹੁੰਚ ਕੇ ਆਦਰਸ਼ ਸਕੂਲ ਬਾਲਦ ਖੁਰਦ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਜਸਪਾਲ ਸਿੰਘ ਨੂੰ ਵਾਧੂ ਚਾਰਜ ਦਿੱਤੇ ਅਤੇ ਜਸਪ੍ਰੀਤ ਕੌਰ ਸਿੱਧੂ ਨੂੰ ਆਦਰਸ਼ ਸਕੂਲ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। ਆਗੂਆਂ ਅਤੇ ਮਾਪਿਆਂ ਨੇ ਦੱਸਿਆ ਕਿ ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਆਦਰਸ਼ ਸਕੂਲ ਪ੍ਰਿੰਸੀਪਲ ਵਿਦਿਆਰਥੀਆਂ ਦੇ ਕਿਸੇ ਵੀ ਸ਼ਨਾਖ਼ਤੀ ਕਾਰਡ,ਲਿਵਿੰਗ ਸਰਟੀਫਕੇਟ ਤੇ ਦਸਤਖਤ ਨਹੀਂ ਕਰ ਰਹੀ ਹੈ ਅਤੇ ਨਾ ਹੀ ਪ੍ਰਿੰਸੀਪਲ ਦੀ ਸਕੂਲ ਵਿੱਚ ਹਾਜ਼ਰੀ ਲੱਗ ਰਹੀ ਹੈ ਜਿਸ ਕਾਰਨ ਸਕੂਲ ਪੜ੍ਹਦੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਖੱਜਲ ਖੁਆਰੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸਕੂਲ ਪਿ੍ੰਸੀਪਲ ਦੀ ਹਾਜ਼ਰੀ ਨਹੀਂ ਲੱਗ ਰਹੀ ਹੈ ਅਤੇ ਕੋਈ ਕਾਨੂੰਨੀ ਤੌਰ ਤੇ ਦਸਤਖ਼ਤ ਨਹੀਂ ਕਰ ਸਕਦੀ ਤਾਂ ਸਕੂਲ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਗੁੰਮਰਾਹ ਕਿਉਂ ਕੀਤਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਆਦਰਸ਼ ਸਕੂਲ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਸਿੱਖਿਆ ਵਿਭਾਗ ਆਪਣੇ ਧਿਆਨ ਹਿੱਤ ਪਾਰਦਰਸ਼ਤਾ ਲਿਆਵੇ। ਜਦੋਂ ਇਸ ਸਬੰਧੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁਰਦ ਵਿਖੇ ਤਾਇਨਾਤ ਮੈਡਮ ਜਸਪ੍ਰੀਤ ਕੌਰ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਸਕੂਲ ਵਿੱਚ ਪ੍ਰਬੰਧਕ ਹਾਂ ਅਤੇ ਇਸ ਸਕੂਲ ਦੇ ਪ੍ਰਿੰਸੀਪਲ ਜਸਪਾਲ ਸਿੰਘ ਹਨ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਵਾਲ ਕਲਾਂ ਦੇ ਵੀ ਪ੍ਰਿੰਸੀਪਲ ਹਨ ਅਤੇ ਵਾਧੂ ਚਾਰਜ ਦੇ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਓਹਨਾ ਦਸਿਆ ਕੇ ਉਹ ਬਿਨਾ ਕਿਸੇ ਤਨਖਾਹ ਇਹ ਸੇਵਾ ਨਿਭਾ ਰਹੇ ਹਨ ।
ਪ੍ਰੈੱਸ ਕਾਨਫਰੰਸ ਦੌਰਾਨ ਆਪ ਆਗੂ ਅਤੇ ਸਕੂਲ ਵਿਦਿਆਰਥੀਆਂ ਦੇ ਮਾਪੇ।