ਪੰਜਾਬੀ ਭਾਸ਼ਾ ਦੀ ਤੌਹੀਨ ਨੂੰ ਬਰਦਾਸ਼ਤ ਨਹੀਂ ਕਰਨਗੇ ਪੰਜਾਬੀ ਲੋਕ
ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਕੇਂਦਰ ਸਰਕਾਰ ਤੋਂ ਖਤਰਾ :-ਹਰਪ੍ਰੀਤ ਬਾਜਵਾ

ਭਵਾਨੀਗੜ 17 ਸਤੰਬਰ {ਗੁਰਵਿੰਦਰ ਸਿੰਘ}ਹਰਪ੍ਰੀਤ ਸਿੰਘ ਬਾਜਵਾ ਨੇ ਪ੍ਰੈਸ ਮਿਲਣੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਏਨੇ ਭਿਆਨਕ ਹੋ ਚੁੱਕੇ ਹਨ ਕਿ ਪੰਜਾਬ ਦੀ ਭਾਸ਼ਾ ਪੰਜਾਬੀ ਨੂੰ ਸੂਬੇ ਤੋਂ ਖੋਹਣ ਦੀਆਂ ਚਾਲਾਂ ਕੇਂਦਰ ਦੀ ਸਰਕਾਰ ਆਰ ਐੱਸ ਐੱਸ ਨਾਲ ਰੱਲ ਕੇ ਚੱਲ ਰਹੀ ਹੈ। ਓਹਨਾ ਦਸਿਆ ਕਿ ਪਿਛਲੇ ਦਿਨੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹਿੰਦੀ ਭਾਸ਼ਾ ਬਾਰੇ ਸਮਾਗਮ ਕੀਤਾ ਗਿਆ। ਇਸਦੀ ਪ੍ਰਧਾਨਗੀ ਡਾ ਹੁਕਮ ਚੰਦ ਰਾਜਪਾਲ ਨੇ ਕੀਤੀ। ਪਰ ਇਸ ਸਮਾਗਮ ਵਿੱਚ ਹਿੰਦੀ, ਹਿੰਦੂ ਅਤੇ ਹਿੰਦੁਸਤਾਨ ਦੇ ਏਜੰਡੇ ਨੂੰ ਲਾਗੂ ਕਰਨ ਲਈ ਪੰਜਾਬੀ ਭਾਸ਼ਾ ਨੂੰ ਹੀ ਗਾਲੀ-ਗਲੋਚ ਅਤੇ ਝਗੜਾਲੂ ਭਾਸ਼ਾ ਵੱਜੋਂ ਪੇਸ਼ ਕੀਤਾ ਗਿਆ। ਕੇਂਦਰੀ ਪੰਜਾਬੀ ਸਭਾ ਨੇ ਓਥੇ ਹੀ ਇਸਦਾ ਵਿਰੋਧ ਵੀ ਕੀਤਾ। ਬਾਜਵਾ ਨੇ ਕਿਹਾ ਕਿ ਹਰ ਭਾਸ਼ਾ ਦਾ ਆਪਣਾ ਰੰਗ ਅਤੇ ਆਪਣਾ ਮੁਹਾਵਰਾ ਹੁੰਦਾ ਹੈ। ਪੰਜਾਬੀ ਭਾਸ਼ਾ ਉਹ ਹੈ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੀ ਮਹਾਨ ਰਚਨਾ ਹੋਈ ਹੈ, ਵਾਰਿਸ਼ ਸ਼ਾਹ ਦੀ ਸੱਭਿਆਚਾਰਕ ਹੀਰ ਵਰਗੀ ਕਿੱਸਾ ਕਾਰੀ ਹੋਈ ਹੈ, ਬੁੱਲ੍ਹੇ ਸ਼ਾਹ ਵਰਗੀ ਸੂਫ਼ੀਆਨਾ ਸ਼ਾਇਰੀ ਹੋਈ ਹੋਵੇ ਅਤੇ ਅੱਜ ਦੇ ਸਮੇਂ ਪੰਜਾਬੀ ਭਾਸ਼ਾ ਪੁਰੀ ਦੁਨੀਆ ਦੇ ਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ ਫਿਰ ਦਸੋ ਇਹ ਭਾਸ਼ਾ ਕਿਵੇਂ ਗਾਲੀ ਗਲੋਚ ਦੀ ਭਾਸ਼ਾ ਹੋ ਸਕਦੀ ਹੈ। ਓਹਨਾ ਕਿਹਾ ਕਿ ਪੰਜਾਬ ਦੀ ਧਰਤੀ ਤੇ ਪੰਜਾਬ ਅਤੇ ਪੰਜਾਬੀਅਤ ਦੀ ਕਈ ਸਾਲਾਂ ਤੋਂ ਸੇਵਾ ਨਿਭਾ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਵਿੱਚ, ਚੰਡੀਗੜ੍ਹ ਤੋਂ ਆਏ ਆਰ ਐੱਸ ਐੱਸ ਦੇ ਕੁੱਝ ਬੰਦਿਆਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਮਕਸਦ ਨਾਲ ਸਮਾਗਮ ਵਿੱਚ ਜਦੋਂ ਸੀਨੀਅਰ ਪੰਜਾਬੀ ਸਾਹਿਤਕਾਰ ਦੇ ਬੋਲਣ ਦਾ ਸਮਾਂ ਆਇਆ ਤਾਂ ਮਾਈਕ ਬੰਦ ਕਰ ਦਿੱਤਾ। ਏਥੇ ਹੀ ਬਸ ਨਹੀਂ ਕੀਤੀ ਸਗੋਂ ਇਸ ਸਮਾਗਮ ਵਿੱਚ ਸ਼ਰਾਰਤੀ ਅਨਸਰਾਂ ਨੇ ਪੰਜਾਬੀ ਸਾਹਿਤਕਾਰ ਨੂੰ ਧਮਕੀ ਦਿੱਤੀ ਕਿ ਦੋ ਸਾਲ ਰੁਕੋ ਫਿਰ ਤੁਹਾਨੂੰ ਦਸਾਂਗੇ ਕਿ ਹਿੰਦੀ ਕੀ ਹੈ। ਹਰਪ੍ਰੀਤ ਸਿੰਘ ਬਾਜਵਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹਨਾਂ ਲੋਕਾਂ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ, ਓਹਨਾ ਕਿਹਾ ਕਿ ਪੰਜਾਬ ਦੇ ਲੋਕ ਪੰਜਾਬੀ ਭਾਸ਼ਾ ਦੀ ਤੌਹੀਨ ਨੂੰ ਬਰਦਾਸ਼ਤ ਨਹੀਂ ਕਰਨਗੇ। ਬਾਜਵਾ ਨੇ ਪ੍ਰੈਸ ਦੇ ਜਰੀਏ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਜੇਕਰ ਆਪਣੀਆਂ ਆਉਣ ਵਾਲੀਆਂ ਪੀੜੀਆਂ ਤੱਕ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਨੂੰ ਬਚਾਉਣਾ ਹੈ ਤਾਂ ਇਸ ਪੰਜਾਬੀ ਭਾਸ਼ਾ ਦੇ ਮੁੱਦੇ ਤੇ ਇਕਮੁੱਠ ਹੋ ਕੇ ਲੜਾਈ ਲੜਨੀ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੂੰ ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦੇ ਹੋਏ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਜਾ ਮਿਲਣੀ ਚਾਹੀਦੀ ਹੈ।