ਬਾਕਸਿੰਗ ਮੁਕਾਬਲਿਆਂ 'ਚ ਪਹਿਲਾ ਸਥਾਨ ਹਾਸਲ ਕਰਕੇ ਸੁਬਾ ਪੱਧਰੀ ਮੁਕਾਬਲਿਆਂ ਚ ਬਣਾਈ ਥਾਂ

ਭਵਾਨੀਗੜ 26 ਸਤੰਬਰ {ਗੁਰਵਿੰਦਰ ਸਿੰਘ}ਪੜ੍ਹਾਈ ਦੇ ਨਾਲ਼-ਨਾਲ਼ ਖੇਡਾਂ ਵਿੱਚ ਵੀ ਅੱਵਲ ਰਹਿਣ ਵਾਲੇ ਸਥਾਨਕ ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀ ਗੁਰਕੀਰਤ ਸਿੰਘ ਨੇ ਜੋਨ ਅਤੇ ਜਿਲ੍ਹਾ-ਪੱਧਰੀ ਬਾਕਸਿੰਗ ਵਰਗ-14 ਮੁਕਾਬਲੇ ਵਿੱਚ ਭਾਗ ਲਿਆ ਤੇ ਆਪਣੀ ਖੇਡ-ਕਲਾ ਦੇ ਜੌਹਰ ਦਿਖਾ ਕੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਰਾਜ-ਪੱਧਰੀ ਖੇਡਾਂ ਵਿੱਚ ਆਪਣੀ ਥਾਂ ਸੁਨਿਸ਼ਚਿਤ ਕੀਤੀ ਅਤੇ ਆਪਣੇ ਸਕੂਲ, ਅਧਿਆਪਕਾਂ ਤੇ ਮਾਤਾ-ਪਿਤਾ ਦਾ ਨਾਂ ਰੁਸ਼ਨਾਇਆ ।ਸਕੂਲ਼ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਨੇ ਬਾਕੀ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ ਇਸ ਨਾਲ ਵਿਦਿਆਰਥੀਆਂ ਅੰਦਰ ਕਈ ਤਰਾਂ ਦੇ ਵਿਸ਼ੇਸ਼ ਗੁਣਾਂ ਦਾ ਵਾਧਾ ਹੁੰਦਾ ਹੈ ਅਤੇ ਇਹ ਰੱਖਿਆ ਪੱਖ ਤੋਂ ਵੀ ਬਹੁਤ ਅਹਿਮ ਹੁੰਦੀਆਂ ਹਨ ਜਿਸ ਕਰਕੇ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਕਿ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ । ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ਼ ਮੁਖੀ ਸ੍ਰੀ ਮਤੀ ਮੀਨੂ ਸੂਦ ਜੀ ਨੇ ਕੋਚ ਵੀਰ ਚੰਦ ਅਤੇ ਖਿਡਾਰੀ ਵਿਦਿਆਰਥੀ ਦੀ ਮਿਹਨਤ ਦੀ ਪ੍ਸ਼ੰਸਾ ਕੀਤੀ ਅਤੇ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਾਮਣਾ ਖੱਟਣ ਦੀਆਂ ਸ਼ੁਭ-ਕਾਮਨਾਵਾਂ ਦਿੱਤੀਆਂ ।
ਜੇਤੂ ਵਿਦਿਆਰਥੀ ਨਾਲ ਸਕੂਲ ਪਿੰਸੀਪਲ ਮੀਨੂੰ ਸੂਦ।