ਲਾਇਟ ਗਈ ਦਾ ਚੋਰਾਂ ਚੁਕਿਆ ਫਾਇਦਾ
ਅਨਾਜ ਮੰਡੀ ਚੋਂ ਆੜਤ ਦੀ ਦੁਕਾਨ ਦੀਆਂ ਟੂਟੀਆਂ ਚੋਰੀ

ਭਵਾਨੀਗੜ੍ਹ, 4 ਅਕਤੂਬਰ (ਗੁਰਵਿੰਦਰ ਸਿੰਘ): ਸ਼ਹਿਰ ਤੇ ਇਲਾਕੇ 'ਚ ਚੋਰਾਂ ਦਾ ਖੌਫ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜਾ ਮਾਮਲਾ ਸ਼ਹਿਰ ਦੀ ਅਨਾਜ ਮੰਡੀ ਵਿੱਚ ਸਾਹਮਣੇ ਆਇਆ ਹੈ ਜਿਥੇ ਬੀਤੀ ਰਾਤ ਚੋਰਾਂ ਨੇ ਦੋ ਆੜਤ ਦੀਆਂ ਦੁਕਾਨਾਂ ਨੂੰ ਅਪਣਾ ਨਿਸ਼ਾਨਾ ਬਣਾਇਆ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰ ਦੁਕਾਨਾਂ 'ਚੋਂ ਸਿਰਫ ਬਾਥਰੂਮ ਦੀਆਂ ਟੂਟੀਆਂ ਤੇ ਇਕ ਸ਼ੈਂਕ ਹੀ ਚੋਰੀ ਕਰਕੇ ਲੈ ਕੇ ਗਏ।
ਜਾਣਕਾਰੀ ਅਨੁਸਾਰ ਵੀਰਵਾਰ ਦੀ ਰਾਤ ਹਨੇਰੀ ਚੱਲਣ ਤੋਂ ਬਾਅਦ ਜਦੋਂ ਬਿਜਲੀ ਚਲੀ ਗਈ ਤਾਂ ਅਣਪਛਾਤੇ ਚੋਰਾਂ ਨੇ ਹਨੇਰੇ ਦਾ ਫਾਇਦਾ ਚੁੱਕਦਿਆਂ ਅਨਾਜ ਮੰਡੀ ਵਿੱਚ ਸਥਿਤ ਬਨਾਰਸੀ ਦਾਸ ਐਂਡ ਕੰਪਨੀ ਅਤੇ ਮੋਹਿੰਦਰ ਪਾਲ ਐਂਡ ਕੰਪਨੀ ਦੀਆਂ ਦੋ ਆੜਤ ਦੀਆਂ ਦੁਕਾਨਾਂ 'ਚ ਪਿਛਲੇਂ ਪਾਸਿਓਂ ਜਾ ਕੇ ਚੋਰੀ ਦੀ ਕੋਸ਼ਿਸ਼ ਕੀਤੀ ਪਰ ਇਹ ਚੋਰ ਜਲਦਬਾਜ਼ੀ 'ਚ ਸਿਰਫ਼ ਟੂਟੀਆਂ ਹੀ ਪੱਟ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆ ਕਾਂਗਰਸੀ ਆਗੂ ਸਮਰਿੰਦਰ ਗਰਗ ਬੰਟੀ ਨੇ ਦਸਿਆ ਕਿ ਅਨਾਜ ਮੰਡੀ ਅਤੇ ਬਲਿਆਲ ਰੋਡ 'ਤੇ ਦਰੱਖਤਾਂ ਦੇ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਜਾਂਦੀਆਂ ਨੇ ਪਰ ਇਨ੍ਹਾਂ ਦਰੱਖਤਾਂ ਦੀ ਕਾਂਟ ਛਾਂਟ ਨਹੀਂ ਕਰਵਾਈ ਜਾਂਦੀ ਜਿਸ ਸਬੰਧੀ ਉਹ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਕਈ ਵਾਰ ਬੇਨਤੀ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਹੁਣ ਜਿਸਦਾ ਫਾਇਦਾ ਚੋਰ ਚੁੱਕ ਰਹੇ ਹਨ। ਗਰਗ ਸਮੇਤ ਹੋਰ ਕਈ ਦੁਕਾਨਾਦਾਰਾਂ ਨੇ ਅਧਿਕਾਰੀਆਂ ਨੂੰ ਇਸ ਪਾਸੇ ਫੌਰਨ ਧਿਆਨ ਦੇਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਚੋਰੀ ਕੀਤੀਆਂ ਟੂਟੀਆਂ ਤੇ ਸ਼ੈੰਕ ਦਾ ਦ੍ਰਿਸ਼,ਜਾਣਕਾਰੀ ਦਿੰਦੇ ਲੋਕ।