ਭਵਾਨੀਗੜ, 9 ਅਕਤੂਬਰ (ਗੁਰਵਿੰਦਰ ਸਿੰਘ) ਨਿਕਾਸੀ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਸ਼ਹਿਰ ਦੇ ਵਾਰਡ ਨੰਬਰ 7 ਵਿੱਚ ਜੋਗਿੰਦਰ ਨਗਰ ਦੇ ਵਸਨੀਕਾਂ ਨੇ ਅੱਜ ਨਗਰ ਕੌਂਸਲ ਤੇ ਸਰਕਾਰ ਖਿਲਾਫ਼ ਰੋਸ ਜਤਾਉੰਦਿਆ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਪ੍ਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਮੁਹੱਲੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਬੰਧ ਨਾ ਹੋਣ ਕਰਕੇ ਲੋਕਾਂ ਨੂੰ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਮੁਹੱਲਾਵਾਸੀ ਕਈ ਵਾਰ ਨਗਰ ਕੌੰਸਲ ਦੇ ਅਧਿਕਾਰੀਆਂ ਨੂੰ ਮਿਲਕੇ ਫਰਿਆਦ ਕਰ ਚੁੱਕੇ ਹਨ ਪਰੰਤੂ ਕੋਈ ਸੁਣਵਾਈ ਨਹੀ। ਲੋਕਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਵੱਲੋਂ ਸਵੱਛ ਭਾਰਤ ਤੇ ਤੰਦਰੁਸਤ ਪੰਜਾਬ ਆਦਿ ਵਰਗੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਪਰੰਤੂ ਦੂਜੇ ਪਾਸੇ ਲੋਕ ਮੁੱਢਲੀ ਸਹੂਲਤਾਂ ਨੂੰ ਵੀ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਹੱਲੇ ਵਿੱਚ ਸੀਵਰੇਜ ਪਾਈਪ ਲਾਇਨ ਨਹੀਂ ਪਾਈ ਜਾ ਰਹੀ ਜਿਸ ਕਾਰਨ ਇੱਥੇ ਰਹਿੰਦੇ ਲੋਕਾਂ ਨੂੰ ਹਰ ਸਮੇਂ ਨਿਕਾਸੀ ਪਾਣੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਮੁਹੱਲਾਵਾਸੀ ਅਨੁਪਮਾ ਕੌਸ਼ਲ ਪ੍ਧਾਨ ਨਾਰੀ ਸ਼ਕਤੀ ਵੂਮੈਨ ਸੈਲ ਪੰਜਾਬ ਦੀ ਅਗਵਾਈ 'ਚ ਇੱਕਤਰ ਹੋਏ ਲੋਕਾਂ ਨੇ ਮੌਜੂਦਾ ਕਾਂਗਰਸ ਸਰਕਾਰ 'ਤੇ ਮੁਹੱਲੇ ਦੇ ਲੋਕਾਂ ਨਾਲ ਪੱਖਪਾਤ ਕਰਨ ਦੇ ਦੋਸ਼ ਲਗਾਏ। ਲੋਕਾਂ ਨੇ ਸਰਕਾਰ ਤੋਂ ਮੁਹੱਲੇ ਵਿੱਚ ਸੀਵਰੇਜ ਪਾਇਪ ਲਾਇਨ ਪਾਉੰਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਮੁਹੱਲਾਵਾਸੀਆਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਪ੍ਰਸ਼ਾਸਨ ਗੰਭੀਰਤਾ ਨਹੀਂ ਦਿਖਾਉੰਦਾ ਤਾਂ ਜੋਗਿੰਦਰ ਨਗਰ ਦੇ ਵਸਨੀਕ ਨੈਸ਼ਨਲ ਹਾਈਵੇ ਜਾਮ ਕਰਨ ਲਈ ਮਜਬੂਰ ਹੋਣਗੇ।ਇਸ ਮੌਕੇ ਸਤਗੁਰ ਸਿੰਘ, ਜਸਵਿੰਦਰ ਸਿੰਘ, ਰਸ਼ਪਾਲ ਸਿੰਘ, ਸ਼ਿੰਦਾ ਸਿੰਘ, ਹਰਪ੍ਰੀਤ ਸਿੰਘ, ਰਿੰਕੂ, ਗੋਬਿੰਦਾ, ਬੱਬੂ ਸਮੇਤ ਮੁਹੱਲਾਵਾਸੀ ਹਾਜ਼ਰ ਸਨ। ਇਸ ਸਬੰਧੀ ਰਾਕੇਸ਼ ਕੁਮਾਰ, ਕਾਰਜਸਾਧਕ ਅਫਸਰ ਨਗਰ ਕੌੰਸਲ ਭਵਾਨੀਗੜ ਨੇ ਕਿਹਾ ਕਿ ਸਰਕਾਰ ਨੇ ਸੀਵਰੇਜ ਸਿਸਟਮ ਪਾਉੰਣ ਦੇ ਤਹਿਤ ਸ਼ਹਿਰ ਵਿੱਚ ਜੰਗੀ ਪੱਧਰ 'ਤੇ ਕੰਮ ਸ਼ੁਰੂ ਕੀਤਾ ਹੋਇਆ ਹੈ। ਕਈ ਮੁਹੱਲਿਆਂ ਵਿੱਚ ਪਾਇਪਾ ਪਾਈਆਂ ਜਾ ਰਹੀਆਂ ਹਨ, ਵਿਤਕਰੇ ਵਾਲੀ ਕੋਈ ਗੱਲ ਨਹੀਂ ਹੈ ਜੋਗਿੰਦਰ ਨਗਰ ਵਿੱਚ ਵੀ 6 ਮਹੀਨਿਆਂ 'ਚ ਸੀਵਰੇਜ ਸਿਸਟਮ ਸ਼ੁਰੂ ਹੋ ਜਾਵੇਗਾ।