ਭਵਾਨੀਗੜ੍ਹ, 10 ਅਕਤੂਬਰ (ਗੁਰਵਿੰਦਰ ਸਿੰਘ) ਜੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਅੱਜ ਸ਼ਾਮ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਕਾਰ 'ਚ ਸਵਾਰ ਢਾਈ ਸਾਲ ਦੇ ਇੱਕ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋ ਗਈ ਜਦੋਂਕਿ ਦੋ ਹੋਰ ਬੱਚਿਆਂ ਸਮੇਤ ਪੰਜ ਲੋਕ ਜਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇੱਕ ਗੱਡੀ ਜਿਸ ਵਿੱਚ ਕਰਮਜੀਤ ਕੌਰ (34) ਪਤਨੀ ਗੁਰਜੀਤ ਸਿੰਘ, ਰਮਨਦੀਪ ਕੌਰ (24) ਪਤਨੀ ਸੰਦੀਪ ਸਿੰਘ, ਗਗਨਦੀਪ ਸਿੰਘ (23) ਪੁੱਤਰ ਚਮਕੌਰ ਸਿੰਘ ਸਮੇਤ 3 ਬੱਚੇ ਜਸਵਿੰਦਰ ਕੌਰ (8) ਪੁੱਤਰੀ ਗੁਰਜੀਤ ਸਿੰਘ, ਪੂਜਾ(6) ਪੁੱਤਰੀ ਸੰਦੀਪ ਸਿੰਘ ਤੇ ਢਾਈ ਸਾਲਾ ਵੀਰਵਚਨ ਪੁੱਤਰ ਗੁਰਜੀਤ ਸਿੰਘ ਸਾਰੇ ਵਾਸੀ ਕੋਠੇ ਗੋਬਿੰਦਪੁਰਾ, ਧਨੌਲਾ (ਬਰਨਾਲਾ) ਸਵਾਰ ਸਨ, ਦੀ ਗੱਡੀ ਇੱਥੇ ਅਨੰਦ ਪੈਲੇਸ ਨੇੜੇ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੌਰਾਨ ਕਾਰ ਸਵਾਰ ਉਕਤ ਸਾਰੇ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਢਾਈ ਸਾਲਾਂ ਵੀਰਵਚਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਹਾਦਸਾ ਕਿਵੇਂ ਵਾਪਰਿਆ ਇਸ ਸਬੰਧੀ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲ ਸਕੀ ਫਿਰ ਵੀ ਪ੍ਤੱਖਦਰਸ਼ੀਆਂ ਮੁਤਾਬਕ ਇਹ ਹਾਦਸਾ ਕਿਸੇ ਅਣਪਛਾਤੇ ਵਾਹਨ ਵੱਲੋਂ ਕਾਰ ਨੂੰ ਜਬਰਦਸਤ ਟੱਕਰ ਕਾਰ ਦੇਣ ਕਾਰਨ ਵਾਪਰਿਆ ਜਿਸ ਤੋਂ ਬਾਅਦ ਕਾਰ ਪਲਟੀਆਂ ਖਾਂਦੀ ਹੋਈ ਸੜਕ 'ਤੇ ਲੱਗੀਆਂ ਗ੍ਰਿਲਾਂ ਨਾਲ ਜਾ ਟਕਰਾਈ। ਓਧਰ ਹਾਦਸੇ 'ਚ ਸਾਰੇ ਜਖਮੀਆਂ ਨੂੰ ਸਰਕਾਰੀ ਹਸਪਤਾਲ ਭਵਾਨੀਗੜ ਵਿਖੇ ਦਾਖਲ ਕਰਵਾਇਆ ਗਿਆ ਤੇ ਹਾਈਵੇ ਪੈਟਰੋਲਿੰਗ ਪੁਲਸ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਹਾਦਸਾ ਗ੍ਰਸਤ ਗੱਡੀ ਨੂੰ ਸੜਕ ਵਿੱਚਕਾਰੋ ਹਟਾ ਕੇ ਸੜਕੀ ਆਵਾਜਾਈ ਸੁਚਾਰੂ ਕੀਤੀ।
ਭਵਾਨੀਗੜ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋਈ ਕਾਰ।