ਮੁੜ ਚਰਚਾ ਚ ਆਦਰਸ਼ ਸਕੂਲ, ਬੱਚਿਆਂ ਦੇ ਭਵਿੱਖ ਨੂੰ ਲੈ ਕੇ ਮਾਪੇ ਚਿੰਤਤ
ਮਾਪਿਆਂ ਅਤੇ ਸਕੂਲ ਸਟਾਫ ਵਿੱਚ ਹੋਈ ਤਕਰਾਰ

ਭਵਾਨੀਗੜ 16 ਅਕਤੂਬਰ {ਗੁਰਵਿੰਦਰ ਸਿੰਘ} ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁਰਦ ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਵਿਚ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਆਦਰਸ਼ ਸਕੂਲ ਦੇ ਅਧਿਆਪਕਾਂ ਦੀ ਸਕੂਲ ਵਿਦਿਆਰਥੀਆਂ ਦੇ ਮਾਪਿਆਂ ਨਾਲ ਤਕਰਾਰ ਹੋ ਗਈ। ਵਿਦਿਆਰਥੀਆਂ ਦੇ ਮਾਪੇ ਸਰਬਜੀਤ ਸਿੰਘ, ਕਮਲਜੀਤ ਸਿੰਘ, ਮਹਿੰਦਰ ਸਿੰਘ, ਬੀਰਬਲ ਨਾਥ, ਗੁਰਵਿੰਦਰ ਕੌਰ ਅਤੇ ਹਰਵਿੰਦਰ ਕੌਰ ਨੇ ਦੱਸਿਆ ਕਿ ਇੱਕ ਅਧਿਆਪਕ ਦੇ ਹੱਕ ਵਿੱਚ ਕੁਝ ਸਕੂਲ ਸਟਾਫ ਨੇ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਸਕੂਲ ਵਿੱਚ ਧਰਨਾ ਲਗਾ ਦਿੱਤਾ ਹੈ ਜੋ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਅਤੇ ਅਧਿਆਪਕ ਛੋਟੀਆਂ ਛੋਟੀਆਂ ਗੱਲਾਂ ਤੇ ਧਰਨੇ ਲਗਾ ਰਹੇ ਹਨ ਜਿਸ ਕਾਰਨ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਜਿਸ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਗੁੱਸੇ ਵਿੱਚ ਆਏ ਵਿਦਿਆਰਥੀਆਂ ਦੇ ਮਾਪਿਆਂ ਨੇ ਮੰਗ ਕੀਤੀ ਕਿ ਸਕੂਲ ਦੇ ਕੁਝ ਅਧਿਆਪਕ ਸਕੂਲ ਦਾ ਮਾਹੌਲ ਖਰਾਬ ਕਰ ਰਹੇ ਹਨ ਜਿਨ੍ਹਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂ ਇਸ ਸਬੰਧੀ ਧਰਨੇ ਤੇ ਬੈਠੇ ਸਕੂਲ ਸਟਾਫ਼ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਕੂਲ ਦੇ ਇੱਕ ਅਧਿਆਪਕ ਨੂੰ ਡੀਈਓ ਦਫ਼ਤਰ ਵੱਲੋਂ 15 ਦਿਨਾਂ ਲਈ ਡੈਪੂਟੇਸ਼ਨ ਤੇ ਭੇਜਿਆ ਗਿਆ ਸੀ ਅਤੇ ਉਸ ਤੋਂ ਬਾਅਦ ਇਸ ਅਧਿਆਪਕ ਨੂੰ ਆਦਰਸ਼ ਸਕੂਲ ਗੰਢੂਆਂ ਵਿਖੇ ਕੁਝ ਦਿਨਾਂ ਲਈ ਦੁਬਾਰਾ ਫਿਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਡੇ ਸਾਥੀ ਅਧਿਆਪਕ ਦੀ ਵਾਰ ਵਾਰ ਡੈਪੂਟੇਸ਼ਨ ਲਾਏ ਜਾਣ ਦੇ ਵਿਰੋਧ ਵਿੱਚ ਧਰਨਾ ਦੇ ਰਹੇ ਹਾਂ ਕਿਉਂਕਿ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ।ਉਸ ਅਧਿਆਪਕ ਦੇ ਹੱਕ ਵਿੱਚ ਅਸੀਂ ਧਰਨੇ ਤੇ ਬੈਠੇ ਹਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਾਡੇ ਨਾਲ ਆ ਕੇ ਬਦਸਲੂਕੀ ਕੀਤੀ ਹੈ ਜਿਸ ਤੇ ਅਸੀਂ ਕਾਰਵਾਈ ਕਰਵਾਵਾਂਗੇ। ਮੌਕੇ ਤੇ ਪੁਲਸ ਪ੍ਸ਼ਾਸਨ ਨੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ। ਜਦੋਂ ਇਸ ਸਬੰਧੀ ਵਾਧੂ ਚਾਰਜ ਤੇ ਤਾਇਨਾਤ ਪ੍ਰਿੰਸੀਪਲ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਅੱਜ ਬਾਲਦ ਖ਼ੁਰਦ ਸਕੂਲ ਵਿਖੇ ਮੌਜੂਦ ਨਹੀਂ ਸੀ ਅਤੇ ਸਕੂਲ ਦੇ ਅਧਿਆਪਕ ਦੀ ਡੈਪੂਟੇਸ਼ਨ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਸਕੂਲ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕੋਈ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ।