ਕਿਸਾਨਾਂ ਮੰਡੀਆਂ ਵਿਚ ਹੀ ਮਨਾਈ ਦਿਵਾਲੀ
ਮੰਡੀਆਂ 'ਚ ਫਸਲਾਂ ਦੇ ਅੰਬਾਰ

ਭਵਾਨੀਗੜ੍ਹ, 28 ਅਕਤੂਬਰ (ਗੁਰਵਿੰਦਰ ਸਿੰਘ): ਦੇਸ਼ ਭਰ ਵਿੱਚ ਲੋਕਾਂ ਨੇ ਰੌਸ਼ਨੀ ਦਾ ਤਿਓਹਾਰ ਦਿਵਾਲੀ ਅਪਣੇ ਘਰਾਂ 'ਚ ਪਰਿਵਾਰ ਨਾਲ ਬੈਠ ਕੇ ਧੂਮਧਾਮ ਨਾਲ ਮਨਾਇਆ, ਉੱਥੇ ਹੀ ਕਿਸਾਨਾਂ ਦੀ ਦਿਵਾਲੀ ਅਨਾਜ ਮੰਡੀਆਂ ਵਿੱਚ ਅਪਣੀ ਫਸਲ ਦੀ ਰਾਖੀ ਕਰਦਿਆਂ ਹੀ ਨਿਕਲੀ। ਇੱਥੇ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਪੰਜ ਦਿਨਾਂ ਤੋਂ ਭਵਾਨੀਗੜ ਦੀ ਅਨਾਜ ਮੰਡੀ 'ਚ ਅਪਣੀ ਫਸਲ ਨੂੰ ਵੇਚਣ ਦੇ ਲਈ ਬੈਠੇ ਹਨ ਪਰੰਤੂ ਹੁਣ ਤੱਕ ਉਨ੍ਹਾਂ ਦੀ ਫਸਲ ਦੀ ਖਰੀਦ ਨਹੀ ਹੋਈ। ਕਿਸਾਨ ਕੁਲਵੰਤ ਸਿੰਘ ਬਖੋਪੀਰ, ਅਜਮੇਰ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ, ਮਨਜੀਤ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਨੇ 1 ਅਕਤੂਬਰ ਤੋਂ ਝੋਨੇ ਦੀ ਫਸਲ ਦੀ ਖਰੀਦ ਸ਼ੁਰੂ ਕਰਵਾਉਂਦੇ ਹੋਏ ਅੈਲਾਣ ਕੀਤਾ ਸੀ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਫਸਲ ਵੇਚਣ ਸਮੇਂ ਕੋਈ ਪ੍ਰੇਸ਼ਾਨੀ ਨਹੀਂ ਆਉੰਣ ਦਿੱਤੀ ਜਾਵੇਗੀ ਪਰੰਤੂ ਸੱਚਾਈ ਇਹ ਹੈ ਕਿ ਕਿਸਾਨ ਫਸਲ ਵਿਕਣ ਦੀ ਉਡੀਕ ਵਿੱਚ ਦਿਨ ਰਾਤ ਅਨਾਜ ਮੰਡੀਆਂ ਵਿੱਚ ਅਪਣੀ ਫਸਲ ਦੀ ਰਾਖੀ ਕਰਨ ਲਈ ਮਜਬੂਰ ਹ ਰਹੇ ਹਨ ਜਿਸ ਕਰਕੇ ਜਿਆਦਾਤਰ ਕਿਸਾਨਾਂ ਦੀ ਅਤਵਾਰ ਨੂੰ ਦਿਵਾਲੀ ਦੀ ਰਾਤ ਵੀ ਅਨਾਜ ਮੰਡੀ ਵਿੱਚ ਹੀ ਲੰਘੀ। ਨਿਰਾਸ਼ ਕਿਸਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਫਸਲ ਦੀ ਖਰੀਦ ਸਮੇਂ ਸਿਰ ਹੋ ਜਾਂਦੀ ਤਾਂ ਉਹ ਦਿਵਾਲੀ ਅਪਣੇ ਘਰ ਅਪਣੇ ਪਰਿਵਾਰ ਨਾਲ ਮਨਾ ਪਾਉੰਦੇ। ਕਿਸਾਨਾਂ ਨੇ ਕਿਹਾ ਕਿ ਸਾਫ ਤੇ ਨਮੀ ਰਹਿਤ ਹੋਣ ਦੇ ਬਾਵਜੂਦ ਖਰੀਦ ਏਜੰਸੀਆਂ ਦੇ ਅਧਿਕਾਰੀ ਉਨ੍ਹਾਂ ਦੀ ਫਸਲ ਦੀ ਖਰੀਦ ਕਰਨ ਲਈ ਨਹੀਂ ਪਹੁੰਚ ਰਹੇ ਤੇ ਜੇਕਰ ਕੋਈ ਅਧਿਕਾਰੀ ਆਉਂਦਾ ਵੀ ਹੈ ਤਾਂ ਫਸਲ ਵਿੱਚ ਨਮੀ ਵੱਧ ਹੋਣ ਦੀ ਗੱਲ ਕਹਿ ਕੇ ਚਲੇ ਜਾਂਦੇ ਹਨ। ਕਿਸਾਨਾਂ ਨੇ ਸਰਕਾਰ ਤੋਂ ਮੰਡੀਆਂ 'ਚ ਪਈ ਝੋਨੇ ਦੀ ਫਸਲ ਦੀ ਖਰੀਦ ਵਿੱਚ ਤੇਜੀ ਲਿਆਉੰਣ ਦੀ ਮੰਗ ਕੀਤੀ ਹੈ ਤਾਂ ਜੋ ਕਿਸਾਨਾਂ ਨੂੰ ਮੰਡੀਆਂ 'ਚ ਰੁਲਣਾ ਨਾ ਪਵੇ। ਓਧਰ,ਕਈ ਵਾਰ ਫੋਨ ਕਰਨ 'ਤੇ ਵੀ ਅੈਸਡੀਅੈਮ ਭਵਾਨੀਗੜ ਨਾਲ ਸੰਪਰਕ ਨਹੀਂ ਹੋ ਸਕਿਆ ਜਦੋਂਕਿ ਜਿਲ੍ਹਾ ਖੁਰਾਕ ਕੰਟਰੋਲਰ ਮੈਡਮ ਸਵੀਟੀ ਨੇ ਕਿਹਾ ਕਿ ਜਿਲ੍ਹੇ ਭਰ ਵਿੱਚ ਝੋਨੇ ਦੀ ਖਰੀਦ ਲਗਾਤਾਰ ਹੋ ਰਹੀ ਹੈ, ਵੱਧ ਨਮੀ ਦੇ ਚੱਲਦਿਆਂ ਮੰਡੀ 'ਚ ਫਸਲ ਦੀ ਖਰੀਦ ਵਿੱਚ ਦੇਰੀ ਹੋ ਸਕਦੀ ਹੈ।