ਚੋਰਾਂ ਨੇ ਘਰ 'ਚੋਂ ਗਹਿਣਿਆਂ ਅਤੇ ਨਗਦੀ ਉਡਾਈ
ਦੀਵਾਲੀ ਦੇਣ ਗਿਆ ਸੀ ਪਰਿਵਾਰ

ਭਵਾਨੀਗੜ, 30 ਅਕਤੂਬਰ (ਗੁਰਵਿੰਦਰ ਸਿੰਘ): ਸ਼ਹਿਰ ਵਿੱਚ ਨਵੇਂ ਬੱਸ ਦੇ ਪਿੱਛੇ ਦਿਨਦਿਹਾੜੇ ਅਣਪਛਾਤੇ ਚੋਰਾਂ ਨੇ ਸੁੰਨੇ ਪਏ ਇੱਕ ਘਰ ਨੂੰ ਅਪਣਾ ਨਿਸ਼ਾਨਾ ਬਣਾਉਂਦੇ ਹੋਏ ਉੱਥੋਂ ਨਗਦੀ ਸਮੇਤ ਸੋਨੇ ਚਾਂਦੀ ਦੇ ਗਹਿਣਿਆਂ 'ਤੇ ਹੱਥ ਸਾਫ ਕਰ ਦਿੱਤਾ। ਘਟਨਾ ਸਮੇਂ ਘਰ ਵਿੱਚ ਕੋਈ ਨਹੀਂ ਸੀ। ਪੁਲਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਅਟੀ ਕ੍ਰਾਇਮ ਅਟੀ ਈਵਲ ਵੈੱਲਫੇਅਰ ਆਰਗਨਾਈਜੇਸ਼ਨ ਅਫ ਇੰਡੀਆ ਦੇ ਕੌਮੀ ਪ੍ਰਧਾਨ ਹਰਵਿੰਦਰ ਸੱਗੂ ਵਾਸੀ ਪ੍ਰੀਤ ਕਲੌਨੀ ਨੇ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ ਉਹ ਪਰਿਵਾਰ ਸਮੇਤ ਅਪਣੀ ਭੈਣ ਨੂੰ ਦੀਵਾਲੀ ਦਾ ਤਿਉਹਾਰ ਦੇਣ ਲਈ ਖਰੜ ਗਿਆ ਸੀ ਤਾਂ ਪਿੱਛੋਂ ਅਣਪਛਾਤੇ ਚੋਰ ਮੌਕਾ ਦੇਖ ਕੇ ਸੁੰਨੇ ਘਰ ਵਿੱਚ ਦਾਖਲ ਹੋ ਗਏ ਅਤੇ ਜਿੰਦੇ ਤੋੜ ਕੇ ਘਰ 'ਚ ਪਿਆ ਕਰੀਬ ਸਾਢੇ ਪੰਜ ਤੋਲੇ ਸੋਨਾ, ਚਾਂਦੀ ਦੇ ਗਲਾਸ ਤੇ ਚਾਰ ਲੱਖ ਰੁਪਏ ਨਗਦ ਚੋਰੀ ਕਰਕੇ ਲੈ ਗਏ। ਪਰਿਵਾਰ ਨੂੰ ਚੋਰੀ ਸਬੰਧੀ ਦੇਰ ਸ਼ਾਮ ਨੂੰ ਘਰ ਵਾਪਸ ਪਰਤਣ 'ਤੇ ਪਤਾ ਚੱਲਿਆ। ਜਿਸਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਓਧਰ, ਇਲਾਕੇ 'ਚ ਵਾਪਰ ਰਹੀਆਂ ਚੋਰੀ ਦੀ ਘਟਨਾਵਾਂ ਕਾਰਨ ਆਮ ਲੋਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਚੋਰੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ 'ਤੇ ਠੱਲ ਪਾਉੰਣ ਦੀ ਮੰਗ ਕੀਤੀ ਹੈ।