ਸੰਗਰੂਰ, 6 ਨਵੰਬਰ (ਸਵਰਾਜ ਸਾਗਰ) ਆਯੂਰਵੈਦਿਕ ਇਲਾਜ ਪ੍ਰਣਾਲੀ ਦੇ ਮਾਹਿਰ ਅਤੇ ਰਾਜ ਪੱਧਰੀ ਧਨਵੰਤਰੀ ਪੁਰਸਕਾਰ ਨਾਲ ਸਨਮਾਨਿਤ ਡਾ. ਅਮਨ ਕੌਸ਼ਲ ਨੇ ਕਿਹਾ ਹੈ ਕਿ ਆਧੁਨਿਕਤਾ ਦੇ ਨਾਂ ਉੱਤੇ ਹੋ ਰਹੇ ਬਦਲਾਅ ਕਾਰਨ ਤੇਜੀ ਨਾਲ ਰੋਗ ਵਧ ਰਹੇ ਹਨ। ਡਾ. ਕੌਸ਼ਲ ਆਯੂਰਵੈਦਿਕ ਵਿਭਾਗ ਵੱਲੋਂ ਧਨਵੰਤਰੀ ਪੁਰਸਕਾਰ ਪ੍ਰਾਪਤ ਕਰਨ ਉਪਰੰਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਪ ਵੈਦ ਯੂਨੀਅਨ ਵੱਲੋਂ ਆਯੋਜਿਤ ਕੀਤੇ ਸਨਮਾਨ ਸਮਾਰੋਹ ਵਿਚ ਹਿੱਸਾ ਲੈਣ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਤੰਦਰੁਸਤ ਮਨ ਨਾਲ ਹੀ ਤਨ ਤੰਦਰੁਸਤ ਰਹਿ ਸਕਦਾ ਹੈ ਅਤੇ ਮਨ ਨੂੰ ਤੰਦਰੁਸਤ ਰੱਖਣ ਲਈ ਆਯੂਰਵੈਦਾ ਦੇ ਨਿਯਮਾਂ ਅਨੁਸਾਰ ਢਲਣਾ ਬਹੁਤ ਜ਼ਰੂਰੀ ਹੈ। ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ ਰੇਨੂੰਕਾ ਕਪੂਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਦੇ ਚਲਦਿਆਂ ਮਨੁੱਖ ਦੀ ਸਰੀਰ ਦੀ ਤੰਦਰੁਸਤੀ ਪ੍ਰਤੀ ਗੰਭੀਰ ਖਤਰੇ ਪੈਦਾ ਹੋ ਰਹੇ ਹਨ ਜਿਨ੍ਹਾਂ ਦਾ ਸਭ ਤੋਂ ਸਾਰਥਿਕ ਅਤੇ ਉੱਤਮ ਇਲਾਜ ਪ੍ਰਣਾਲੀ ਆਯੂਰਵੈਦਾ ਹੈ ਅਤੇ ਆਯੂਰਵੈਦਾ ਦੇ ਪ੍ਰਚਾਰ ਲਈ ਵਿਭਾਗ ਵੱਲੋਂ ਮਿਲੇ ਸਨਮਾਨ ਲਈ ਡਾ ਅਮਨ ਕੌਸ਼ਲ ਅਤੇ ਡਾ ਰਵੀ ਡੂੰਮਰਾ ਵਧਾਈ ਦੇ ਹੱਕਦਾਰ ਹਨ। ਸ. ਹਰਪ੍ਰੀਤ ਸਿੰਘ ਭੰਡਾਰੀ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਸੁਪਰਡੈਂਟ ਆਯੂਰਵੈਦਾ ਸ਼੍ਰੀ ਰਾਕੇਸ਼ ਸ਼ਰਮਾ, ਪ੍ਰਸਿੱਧ ਸਮਾਜ ਸੇਵੀ ਸ਼੍ਰੀ ਰਾਜ ਕੁਮਾਰ ਅਰੋੜਾ, ਬੋਰਡ ਆਫ ਆਯੂਰਵੈਦਿਕ ਅਤੇ ਯੂਨਾਨੀ ਸਿਸਟਮਜ ਆਫ ਮੈਡੀਸਨ ਪੰਜਾਬ ਦੇ ਮੈਂਬਰ ਡਾ ਰਵੀ ਕਾਂਤ ਮਦਾਨ, ਡਾ ਮਲਕੀਅਤ ਸਿੰਘ ਘੱਗਾ, ਸ਼੍ਰੀ ਰਾਮ ਸਰੂਪ, ਸ਼੍ਰੀ ਕਰਮਜੀਤ ਸਿੰਘ, ਸ਼੍ਰੀਮਤੀ ਵਿਜੈ ਕੁਮਾਰੀ, ਸ. ਮਾਲਵਿੰਦਰ ਸਿੰਘ ਲੌਂਗੋਵਾਲ, ਨਿਵੇਦਿਤਾ ਸ਼ਰਮਾ, ਸ਼੍ਰੀ ਜਗਤਾਰ ਸਿੰਘ ਨੇ ਵੀ ਆਪਣੇ ਸੰਬੋਧਨ ਦੌਰਾਨ ਡਾ ਅਮਨ ਕੌਸ਼ਲ ਨੂੰ ਧਨਵੰਤਰੀ ਪੁਰਸਕਾਰ ਅਤੇ ਡਾ ਰਵੀ ਡੂੰਮਰਾ ਨੂੰ ਵਧੀਆ ਸੇਵਾਵਾਂ ਲਈ ਵਿਭਾਗੀ ਪੁਰਸਕਾਰ ਨਾਲ ਸਨਮਾਨਿਤ ਹੋਣ ਤੇ ਖੁਸ਼ੀ ਜ਼ਾਹਰ ਕੀਤੀ।
ਡਾ ਅਮਨ ਕੌਸ਼ਲ ਅਤੇ ਡਾ ਰਵੀ ਡੂੰਮਰਾ ਨੂੰ ਸਨਮਾਨਿਤ ਕਰਦੇ ਹੋਏ ਯੂਨੀਅਨ ਆਗੂ