ਦਲਿਤ ਜਾਗਰੂਕਤਾ ਕਾਨਫਰੰਸ ਆਯੋਜਿਤ
ਦਲਿਤ ਸਮਾਜ ਨੂੰ ਜਾਗ ਕੇ ਇੱਕ ਮੰਚ 'ਤੇ ਇਕੱਠੇ ਹੋਣਾ ਸਮੇਂ ਦੀ ਲੋੜ - ਚੋਪੜਾ

ਭਵਾਨੀਗੜ੍ਹ, 9 ਨਵੰਬਰ (ਵਿਕਾਸ): ਦਲਿਤ ਭਾਈਚਾਰੇ ਵੱਲੋਂ ਅੱਜ ਇੱਥੇ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਪਾਰਕ ਭਵਾਨੀਗੜ ਵਿਖੇ ਇੱਕ ਦਲਿਤ ਜਾਗਰੂਕਤਾ ਕਾਨਫਰੰਸ ਕੀਤੀ ਗਈ, ਜਿਸ ਵਿੱਚ ਬਲਾਕ ਭਵਾਨੀਗੜ੍ਹ ਦੇ ਪਿੰਡਾਂ 'ਚੋਂ ਵੱਡੀ ਗਿਣਤੀ ਵਿੱਚ ਦਲਿਤਾਂ ਭਾਈਚਾਰੇ ਨੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਅਗੂਆਂ ਨੇ ਕਿਹਾ ਕਿ ਪਿੰਡਾਂ ਦੇ ਕੁਝ ਘੜੰਮ ਅਤੇ ਸੱਤਾ ਦੇ ਹੰਕਾਰੇ ਹੋਏ ਚੌਧਰੀਆਂ ਵੱਲੋਂ ਲਗਾਤਾਰ ਦਲਿਤ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਜਾਤੀ ਸੂਚਕ ਸ਼ਬਦਾਵਲੀ ਵਰਤ ਕੇ ਜਲੀਲ ਕਰਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਅ ਰਹੀਆਂ ਹਨ ਜਿਨ੍ਹਾਂ ਘਟਨਾਵਾਂ ਨੂੰ ਮੁੱਖ ਰੱਖਦਿਆਂ ਅੱਜ ਭਾਈਚਾਰੇ ਨੂੰ ਜਾਗਣ ਦੀ ਲੋੜ ਹੈ। ਵੱਖ ਵੱਖ ਆਗੂਆਂ ਨੇ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਅਜਿਹਾ ਸਾਰਾ ਕੁੱਝ ਸਮੇਂ ਦੀਆਂ ਸਰਕਾਰਾਂ ਦੀ ਸ਼ਹਿ 'ਤੇ ਹੋ ਰਿਹਾ ਹੈ ਕਿਉਂਕਿ ਸਰਕਾਰਾਂ ਦੀਆਂ ਦਲਿਤ ਵਿਰੋਧੀ ਨੀਤੀਆਂ ਜਿਵੇਂ ਕਿ ਦਲਿਤਾਂ ਨੂੰ ਵਿੱਦਿਆ ਤੋਂ ਦੂਰ ਕਰਨਾ, ਬੇਰੁਜ਼ਗਾਰੀ, ਦਲਿਤਾਂ ਨਾਲ ਝੂਠੇ ਵਾਅਦੇ ਤੇ ਉਨ੍ਹਾਂ ਨੂੰ ਗੁੰਮਰਾਹ ਕਰਕੇ ਆਪਣੇ ਪੱਖ ਵਿੱਚ ਸਿਰਫ਼ ਵੋਟ ਬੈਂਕ ਲੈਣਾ ਅਤੇ ਪਿੰਡਾਂ ਵਿੱਚ ਨਾਲ ਲੋਕਾਂ ਨੂੰ ਥਾਪੜਾ ਦੇ ਕੇ ਦਲਿਤਾਂ ਨੂੰ ਧੱਕੇ ਨਾਲ ਕੁੱਟਿਆ ਤੇ ਲੁੱਟਿਆ ਜਾ ਰਿਹਾ ਹੈ। ਕਾਨਫਰੰਸ ਵਿੱਚ ਆਰ.ਐਮ.ਪੀ.ਆਈ ਦੇ ਕੌਮੀ ਆਗੂ ਮੰਗਤ ਰਾਮ ਪਾਸਲਾ ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਪਾਸਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਪਿੰਡਾਂ ਵਿੱਚ ਘੜੱਮ ਚੌਧਰੀਆਂ, ਜਾਤ ਪਾਤ ਨੂੰ ਬੜਾਵਾ ਦੇਣ ਵਾਲੇ ਲੋਕਾਂ ਖਿਲਾਫ ਦਲਿਤ ਸਮਾਜ ਨੂੰ ਇਕ ਮੰਚ ਤੇ ਇਕੱਠੇ ਹੋਣਾ ਅੱਜ ਸਮੇਂ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਨਫਰੰਸ ਵਿੱਚ ਡਾ. ਅੰਬੇਦਕਰ ਚੇਤਨਾ ਮੰਚ ਦੇ ਪ੍ਰਧਾਨ ਚਰਨਾ ਰਾਮ, ਜਨਰਲ ਸਕੱਤਰ ਚੰਦ ਸਿੰਘ ਰਾਮਪੁਰਾ, ਜਬਰ ਜ਼ੁਲਮ ਵਿਰੋਧੀ ਫਰੰਟ ਦੇ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਭੜ੍ਹੋ, ਜਸਵਿੰਦਰ ਸਿੰਘ ਚੋਪੜਾ, ਵਿਸ਼ਵਕਰਮਾ ਕੰਸਟਰਕਸ਼ਨ ਐਂਡ ਅਦਰ ਉਸਾਰੀ ਮਜਦੂਰ ਯੂਨੀਅਨ ਦੇ ਪ੍ਰਧਾਨ ਕਾਕਾ ਸਿੰਘ ਭੱਟੀਵਾਲ, ਰਾਜਵਿੰਦਰ ਸਿੰਘ ਝਨੇੜੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਅਗੂ ਮੁਕੇਸ਼ ਮਲੌਦ, ਮਨਪ੍ਰੀਤ ਭੱਟੀਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਸਿੰਘ ਲੌਂਗੋਵਾਲ, ਪ੍ਰਗਟ ਸਿੰਘ ਕਾਲਾਝਾੜ, ਗੁਰਮੀਤ ਸਿੰਘ ਕਾਲਾਝਾੜ, ਗੁਰਮੇਲ ਸਿੰਘ, ਅਮਨਦੀਪ ਸਿੰਘ ਸਮੇਤ ਬਹੁਤ ਸਾਰੇ ਸਮਾਜ ਚਿੰਤਕ ਆਗੂ ਹਾਜ਼ਰ ਸਨ।