ਕਮਾਸਕਾ ਸਕੂਲ ਵਿੱਚ ਮਨਾਇਆ ਬਾਲ ਦਿਵਸ

ਅੰਮ੍ਰਿਤਸਰ 14 ਨਵੰਬਰ ( ਗੁਰਵਿੰਦਰ ਸਿੰਘ ਰੋਮੀ) ਬਲਾਕ ਚੋਗਾਵਾਂ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਕਮਾਸਕਾ ਵਿਖੇ ਅੱਜ ਬੱਚਿਆਂ ਨੇ ਬਾਲ ਦਿਵਸ ਬਹੁਤ ਹੀ ਜੋਸ਼ੋਖਰੋਸ਼ ਨਾਲ਼ ਮਨਾਇਆ। ਸਕੂਲ ਮੁਖੀ ਜਸਵਿੰਦਰ ਸਿੰਘ ਨੇ ਇਸ ਮੌਕੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਾਲ ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਪੰਜਾਬੀ ਅਧਿਆਪਕਾ ਅਮਨਦੀਪ ਕੌਰ ਨੇ ਬੱਚਿਆਂ ਨੂੰ ਚਾਕਲੇਟ ਅਤੇ ਟਾਫੀਆਂ ਵੰਡੀਆਂ ਤੇ ਬੱਚਿਆਂ ਨੂੰ ਬਾਲ ਦਿਵਸ ਸਬੰਧੀ ਜਾਣਕਾਰੀ ਦਿੱਤੀ। ਅਧਿਆਪਕਾ ਅਮਨਦੀਪ ਕੌਰ ਨੇ ਬੱਚਿਆਂ ਨੂੰ ਦੱਸਿਆ ਕਿ 14 ਨਵੰਬਰ 1889 ਨੂੰ ਇਲਾਹਾਬਾਦ ਵਿੱਚ ਜਨਮੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਡਿਤ ਨਹਿਰੂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਹ ਬੱਚਿਆਂ ਨੂੰ ਦੇਸ਼ ਦਾ ਭਵਿੱਖ ਸਮਝਦੇ ਸਨ ਤੇ ਬੱਚੇ ਵੀ ਪੰਡਿਤ ਨਹਿਰੂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਹ ਪਿਆਰ ਨਾਲ ਉਨ੍ਹਾਂ ਨੂੰ ਚਾਚਾ ਨਹਿਰੂ ਆਖਦੇ ਸਨ। ਉਨ੍ਹਾਂ ਕਿਹਾ ਕਿ ਪੰਡਿਤ ਨਹਿਰੂ ਸਮਝਦੇ ਸਨ ਕਿ ਅੱਜ ਦੇ ਬੱਚੇ ਕੱਲ੍ਹ ਦੇ ਨੇਤਾ ਹਨ ਇਸ ਲਈ ਉਨ੍ਹਾਂ ਨੂੰ ਸਹੀ ਸਿਖਿਆ ਮਿਲਣੀ ਚਾਹੀਦੀ ਹੈ। ਅਧਿਆਪਕਾ ਅਮਨਦੀਪ ਕੌਰ ਨੇ ਕਿਹਾ ਕਿ ਅੱਜ ਬਾਲ ਦਿਵਸ ਮੌਕੇ ਬੱਚਿਆਂ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਸੱਚਾ ਸੁੱਚਾ ਜੀਵਨ ਬਤੀਤ ਕਰਦਿਆਂ ਪੜ੍ਹਾਈ ਅਤੇ ਸ਼ਾਨਦਾਰ ਗਤੀਵਿਧੀਆਂ ਨਾਲ ਜ਼ਿੰਦਗੀ ਦੇ ਮਿਆਰ ਨੂੰ ਉੱਚਾ ਲਿਜਾਉਣਗੇ।ਇਸ ਮੌਕੇ ਬੱਚਿਆਂ ਨੇ ਚਾਚਾ ਨਹਿਰੂ ਨੂੰ ਸਮਰਪਿਤ ਕਵਿਤਾਵਾਂ, ਗੀਤ ਤੇ ਸਕਿੱਟਾ ਵੀ ਪੇਸ਼ ਕੀਤੀਆਂ।
ਬਾਲ ਦਿਵਸ ਮਨਾਉਣ ਮੌਕੇ ਸਕੂਲੀ ਵਿਦਿਆਰਥੀ ਅਤੇ ਮੈਡਮ ਅਮਨਦੀਪ ਕੌਰ.