ਚੰਗਾਲੀਵਾਲਾ ਕਾਂਡ ਦੇ ਦੋਸ਼ੀਆਂ ਨੂੰ ਸਜਾ ਦਵਾਉਣ ਲਈ ਕੱਢਿਆ ਕੈੰਡਲ ਮਾਰਚ
-- 27 ਨਵੰਬਰ ਦੇ ਇਜਲਾਸ ਸਬੰਧੀ ਤਿਆਰੀਆਂ ਮੁਕੰਮਲ --

ਭਵਾਨੀਗੜ, 26 ਨਵੰਬਰ (ਗੁਰਵਿੰਦਰ ਸਿੰਘ): ਪਿਛਲੇ ਦਿਨੀਂ ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਦੇ ਹੱਤਿਆ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਵਾਉਣ ਦੇ ਲਈ ਜਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਦੀ ਅਗਵਾਈ ਹੇਠ ਬਲਾਕ ਦੇ ਪਿੰਡ ਬਟੜਿਆਣਾ, ਰਾਮਪੁਰਾ, ਬਾਲਦ ਕਲਾਂ, ਭੜੋ, ਝਨੇੜੀ ਵਿੱਚ ਮੋਮਬੱਤੀ ਮਾਰਚ ਕੱਢੇ ਗਏ। ਇਸ ਮੌਕੇ ਸ਼ੰਘਰਸ਼ ਕਮੇਟੀ ਦੇ ਜਿਲ੍ਹਾ ਆਗੂ ਮਨਪ੍ਰੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਦਲਿਤਾਂ 'ਤੇ ਅੱਤਿਆਚਾਰ ਕਰਨ ਵਾਲੇ ਲੋਕਾਂ ਨੂੰ ਦੋਸ਼ੀਆਂ ਨੂੰ ਇਸ ਦੀ ਸਜਾ ਭੁਗਤਨੀ ਚਾਹੀਦੀ ਹੈ। ਇਸ ਤੋਂ ਇਲਾਵਾ ਭੱਟੀਵਾਲ ਨੇ ਦੱਸਿਆ ਕਿ ਸੰਘਰਸ਼ ਕਮੇਟੀ ਬਲਾਕ ਪੱਧਰੀ ਇਜਲਾਸ 27 ਨਵੰਬਰ ਨੂੰ ਪਿੰਡ ਭੱਟੀਵਾਲ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ 'ਚੋਂ ਤੀਜਾ ਹਿੱਸਾ ਦਿਵਾਉਣ ਦੇ ਲਈ ਜਾਤ ਪਾਤ ਖ਼ਤਮ ਕਰਨ ਅਤੇ ਦਲਿਤਾਂ ਲਈ ਮਾਨ ਸਨਮਾਨ ਵਾਲਾ ਸਮਾਜ ਸਿਰਜਣ ਲਈ ਲੰਮੇ ਸਮੇਂ ਤੋਂ ਘੋਲ ਲੜਿਆ ਜਾ ਰਿਹਾ ਹੈ ਜਿਸ ਦੌਰਾਨ ਦਲਿਤ ਪਰਿਵਾਰਾਂ ਨਾਲ ਜਲੂਰ ਵਿੱਚ ਜਿਨਸੀ ਸ਼ੋਸ਼ਣ ਵੀ ਹੋਇਆ ਤੇ ਤੋਲੇਵਾਲ ਵਿੱਚ 33 ਸਾਲਾਂ ਪਟੇ ਦੀ ਰਾਖੀ ਕਰਦਿਆਂ ਦਲਿਤਾਂ ਔਰਤਾਂ ਉੱਪਰ ਪਰਚੇ ਦਰਜ ਕਰਨ ਤੋਂ ਇਲਾਵਾ ਬਾਲਦ ਕਲਾਂ 'ਚ ਜ਼ਮੀਨ ਮੰਗਣ 'ਤੇ ਪ੍ਰਸ਼ਾਸਨ ਵੱਲੋਂ ਧਨਾਢਾ ਦੀ ਸ਼ਹਿ 'ਤੇ ਲਾਠੀਚਾਰਜ ਕੀਤਾ ਗਿਆ ਸੀ ਪਰ ਦਲਿਤਾਂ ਨੇ ਇੱਕਠੇ ਹੋ ਕੇ ਇਸ ਜੁਲਮ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਉੱਥੇ ਹੀ ਪਿੰਡਾਂ ਵਿੱਚ ਧਨਾਢ ਚੌਧਰੀਆਂ ਵੱਲੋਂ ਦਲਿਤਾਂ ਉੱਪਰ ਵੀ ਅੱਤਿਆਚਾਰ ਤੇਜ ਕਰ ਦਿੱਤਾ ਜਿਸ ਦਾ ਉਦਾਹਰਨ ਚੰਗਾਲੀਵਾਲਾ ਕਾਂਡ ਹੈ। ਇਸ ਲਈ ਇਜਲਾਸ ਵਿੱਚ ਇਨ੍ਹਾਂ ਸਾਰੇ ਮਸਲਿਆਂ ਨੂੰ ਵਿਚਾਰਨ ਦੇ ਨਾਲ ਨਵੀਂ ਬਲਾਕ ਕਮੇਟੀ ਦੀ ਚੋਣ ਕਰਕੇ ਦਲਿਤਾਂ ਉੱਤੇ ਹੋ ਰਹੇ ਜਬਰ ਨੂੰ ਖਤਮ ਕਰਨ ਲਈ ਅਤੇ ਜ਼ਮੀਨ ਵਿੱਚੋਂ ਉਨ੍ਹਾਂ ਦੀ ਹਿੱਸੇਦਾਰੀ ਲਾਜ਼ਮੀ ਕਰਨ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਭੱਟੀਵਾਲ ਨੇ ਦੱਸਿਆ ਕਿ ਇਜਲਾਸ ਸਬੰਧੀ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਚਰਨ ਸਿੰਘ ਬਾਲਦ ਕਲਾਂ ਸਮੇਤ ਸ਼ੰਘਰਸ਼ ਕਮੇਟੀ ਦੇ ਆਗੂ ਤੇ ਕਾਰਕੁੰਨ ਹਾਜ਼ਰ ਸਨ।
ਬਲਾਕ ਦੇ ਪਿੰਡਾ 'ਚ ਮੋਮਬੱਤੀ ਮਾਰਚ ਕੱਢਦੇ ਦਲਿਤ ਭਾਈਚਾਰੇ ਦੇ ਲੋਕ।