ਭਵਾਨੀਗੜ੍ਹ, 7 ਦਸੰਬਰ (ਗੁਰਵਿੰਦਰ ਸਿੰਘ)- ਸੀਨੀਅਰ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਕਰਨੈਲ ਸਿੰਘ ਇੰਚਾਰਜ ਮੋਬਾਈਲ ਟ੍ਰੈਫਿਕ ਪੈਟਰੋਲ ਪਟਿਆਲਾ ਰੇਂਜ ਪਟਿਆਲਾ ਵੱਲੋਂ ਟਰੱਕ ਯੂਨੀਅਨ ਭਵਾਨੀਗੜ੍ਹ ਵਿਖੇ ਟ੍ਰੈਫ਼ਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਇੰਸਪੈਕਟਰ ਕਰਨੈਲ ਸਿੰਘ ਨੇ ਟਰੱਕ ਡਰਾਈਵਰਾਂ ਨੂੰ ਹਾਈਵੇ 'ਤੇ ਟਰੱਕ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਟਰੱਕਾਂ ਨੂੰ ਹਾਈਵੇ ਉੱਪਰ ਡਿਵਾਈਡਰ ਤੋਂ ਹਟ ਕੇ ਦੂਜੀ ਜਾਂ ਤੀਜੀ ਲਾਈਨ ਵਿੱਚ ਚਲਾਉਣ ਦੀ ਅਪੀਲ ਕੀਤੀ ਤਾਂ ਕਿ ਛੋਟੇ ਵਹੀਕਲਾਂ ਕਾਰ ਆਦਿ ਨੂੰ ਓਵਰਟੇਕ ਕਰਨ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਅਕਸਰ ਲਾਪ੍ਰਵਾਹੀ ਵਰਤਨ ਅਤੇ ਗਲਤ ਸਾਈਡ ਤੋਂ ਓਵਰਟੇਕ ਕਰਨ ਨਾਲ ਹਾਦਸੇ ਵਾਪਰ ਜਾਂਦੇ ਹਨ। ਇਸ ਲਈ ਸਾਵਧਾਨੀ ਨਾਲ ਹੀ ਸੜਕ ਹਾਦਸਿਆਂ 'ਤੇ ਠੱਲ ਪਾਈ ਜਾ ਸਕਦੀ ਹੈ। ਉਨ੍ਹਾਂ ਟਰੱਕ ਚਾਲਕਾਂ ਨੂੰ ਕੋਈ ਵੀ ਨਸ਼ਾ ਨਾ ਕਰਨ ਦੀ ਹਦਾਇਤ ਕੀਤੀ । ਇਸ ਮੌਕੇ ਉਨ੍ਹਾਂ ਸੁਚੇਤ ਕਰਦਿਆਂ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਜੁਰਮ ਵਿੱਚ ਸਜ਼ਾ, ਜੁਰਮਾਨਾ ਜਾ ਦੋਨੋ ਵੀ ਹੋ ਸਕਦੇ ਹਨ। ਉਨ੍ਹਾਂ ਆਉਣ ਵਾਲੇ ਧੁੰਦ ਦੇ ਦਿਨਾਂ ਵਿੱਚ ਜ਼ਿਆਦਾ ਧਿਆਨ ਰੱਖਣ ਬਾਰੇ ਵੀ ਜਾਗਰੂਕ ਕੀਤਾ ਅਤੇ ਟਰੱਕ ਡਰਾਈਵਰਾਂ ਨੂੰ ਹਦਾਇਤ ਕੀਤੀ ਕਿ ਗੱਡੀਆਂ ਦੇ ਪਿੱਛੇ ਰਿਫਲੈਕਟਰ ਜ਼ਰੂਰ ਲੱਗੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਇਸ ਤਰ੍ਹਾਂ ਦੇ ਉਪਰਾਲੇ ਅਤੇ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਜਾਰੀ ਰਹੇਗੀ। ਇਸ ਮੌਕੇ ਟਰੱਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ, ਹੈੱਡ ਕਾਂਸਟੇਬਲ ਮੁਕੇਸ਼ ਕੁਮਾਰ, ਯੂਨੀਅਨ ਦੇ ਹੈੱਡ ਮੁਨਸ਼ੀ ਦਵਿੰਦਰ ਸਿੰਘ, ਮੈਨੇਜਰ ਜੁਗਨੂੰ ਸਿੰਘ ਅਤੇ ਰਮੇਸ਼ ਕੁਮਾਰ ਤੋਂ ਇਲਾਵਾ ਰਾਜਿੰਦਰ ਸਿੰਘ ਗੁੱਡੂ, ਕੁਲਦੀਪ ਸਿੰਘ, ਛੋਟੂ ਸਿੰਘ, ਲੱਖਾ ਸਿੰਘ, ਕੁਲਦੀਪ ਗਰੇਵਾਲ, ਪਰਮਿੰਦਰ ਭਿੰਦੀ ਸਮੇਤ ਵੱਡੀ ਗਿਣਤੀ ਵਿੱਚ ਟਰੱਕ ਡਰਾਈਵਰ ਅਤੇ ਟਰੱਕ ਓਪਰੇਟਰ ਹਾਜ਼ਰ ਸਨ।