ਭਵਾਨੀਗੜ੍ਹ,17 ਦਸੰਬਰ (ਗੁਰਵਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਭਵਾਨੀਗੜ੍ਹ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਦਰਬਾਰਾ ਸਿੰਘ ਨਾਗਰਾ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਸੂਬੇ ਦਾ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੀ ਹਾਲਤ ਨੂੰ ਸੁਧਾਰਨ ਲਈ ਸਰਕਾਰਾਂ ਕਿਸਾਨ ਵਰਗ ਦੀ ਸੁੱਧ ਨਹੀਂ ਲੈ ਰਹੀਆਂ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਕਿਸਾਨੀ ਮੰਗਾਂ ਦੀ ਪੂਰਤੀ ਨੂੰ ਲੈ ਕੇ ਯੂਨੀਅਨ ਵੱਲੋਂ 7 ਜਨਵਰੀ ਨੂੰ ਡੀਸੀ ਦਫ਼ਤਰ ਸੰਗਰੂਰ ਅੱਗੇ ਧਰਨਾ ਦਿੱਤਾ ਜਾਵੇਗਾ ਤੇ ਪੰਜਾਬ ਸਰਕਾਰ ਦੇ ਨਾਂ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਜਗਦੇਵ ਸਿੰਘ ਘਰਾਚੋਂ ਨੇ ਸਰਕਾਰ ਤੋਂ ਕਣਕ ਦੀ ਸਿੰਚਾਈ ਲਈ ਮੋਟਰਾਂ ਵਾਲੀ ਬਿਜਲੀ ਦਿਨ ਸਮੇਂ ਘੱਟੋ ਘੱਟ ਦਸ ਘੰਟੇ ਲਗਾਤਾਰ ਦੇਣ ਦੀ ਮੰਗ ਕੀਤੀ। ਮੀਟਿੰਗ ਦੌਰਾਨ ਕਸ਼ਮੀਰ ਸਿੰਘ ਸੀਨੀਅਰ ਵਿੱਚ ਪ੍ਰਧਾਨ ਘਰਾਚੋਂ, ਨਰਿੰਦਰ ਸਿੰਘ, ਜਗਸੀਰ ਸਿੰਘ ਬਲਾਕ ਖਜਾਨਚੀ, ਗੁਰਦੇਵ ਸਿੰਘ, ਸਤਿਗੁਰ ਸਿੰਘ, ਜਨਕ ਸਿੰਘ ਕਪਿਆਲ, ਸੁਖਵਿੰਦਰ ਸਿੰਘ, ਜਸਵੰਤ ਸਿੰਘ, ਬਘੇਲ ਸਿੰਘ, ਚਰਨਜੀਤ ਸਿੰਘ, ਸਰੂਪ ਸਿੰਘ, ਸੁਖਵਿੰਦਰ ਘਰਾਚੋਂ, ਮੇਵਾ ਸਿੰਘ, ਕੁਲਵਿੰਦਰ ਸਿੰਘ, ਬਹਾਦਰ ਸਿੰਘ, ਕੁਲਜੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ ਕੀ ਹਨ ਮੰਗਾਂ-ਕਿਸਾਨੀ ਕਰਜ਼ੇ ਦੀ ਪੂਰਨ ਮੁਆਫੀ, ਅਵਾਰਾ ਪਸ਼ੂਆਂ ਦਾ ਯੋਗ ਪ੍ਰਬੰਧ ਕਰਨ, ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਦਰਜ ਮਾਮਲੇ ਰੱਦ ਕਰਨ, ਜਿਨਸਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਅਨੁਸਾਰ ਦੇਣ, ਜਿਨਸਾਂ ਦੀ ਪ੍ਰਾਈਵੇਟ ਖਰੀਦ ਕਰਨ ਦੀ ਬਜਾਏ ਸਰਕਾਰੀ ਖ਼ਰੀਦ ਹੀ ਰੱਖੀ ਜਾਵੇ ਆਦਿ।
ਮੀਟਿੰਗ ਦੌਰਾਨ ਹਾਜ਼ਰ ਕਿਸਾਨ।