ਨਸ਼ਾ ਮੁਕਤੀ ਮੁਹਿੰਮ 'ਤੇ ਉੱਠੇ ਸਵਾਲ
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਵੀਡੀਓ ਵਾਇਰਲ !

ਭਵਾਨੀਗੜ੍ਹ, 17 ਦਸੰਬਰ (ਗੁਰਵਿੰਦਰ ਸਿੰਘ): ਸੂਬੇ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਨਸ਼ਾ ਕਿਵੇਂ ਨੌਜਵਾਨਾਂ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਰਿਹਾ ਹੈ ਭਵਾਨੀਗੜ ਇਲਾਕੇ ਦੀ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਮਗਰੋਂ ਜਿੱਥੇ ਪੁਲਸ ਹਰਕਤ ਵਿੱਚ ਆ ਗਈ ਉੱਥੇ ਹੀ ਆਮ ਲੋਕ ਪੰਜਾਬ ਸੂਬੇ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਕੈਪਟਨ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ ਵੱਡੇ ਦਾਅਵਿਆਂ 'ਤੇ ਵੀ ਸਵਾਲ ਚੁੱਕ ਰਹੇ ਹਨ। ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕੜਾਕੇ ਦੀ ਠੰਡ ਵਿੱਚ ਹੱਟਾ ਕੱਟਾ ਇੱਕ ਨੌਜਵਾਨ ਪੂਰੀ ਤਰਾਂ ਨਸ਼ੇ 'ਚ ਧੁੱਤ ਹੋ ਕੇ ਖੇਤਾਂ ਵਿੱਚ ਡਿੱਗਿਆ ਬੁਰੀ ਤਰਾਂ ਨਾਲ ਤੜਫ ਰਿਹਾ ਹੈ। ਵਾਇਰਲ ਵੀਡੀਓ ਇਲਾਕੇ ਦੇ ਨਾਲ ਨਾਲ ਵੱਡੇ ਪੱਧਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸ਼ਾਸ਼ਨ ਪ੍ਰਸ਼ਾਸਨ ਵੱਲੋਂ ਮਿਲ ਕੇ ਨਸ਼ੇ ਦੇ ਖਾਤਮੇ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ ਤਾਂ ਨੌਜਵਾਨਾਂ ਕੋਲ ਨਸ਼ਾ ਕਿਵੇਂ ਤੇ ਕਿੱਥੋਂ ਪਹੁੰਚ ਰਿਹਾ ਹੈ, ਗੰਭੀਰ ਜਾਂਚ ਦਾ ਵਿਸ਼ਾ ਹੈ। ਓਧਰ, ਇਸ ਸਬੰਧੀ ਪੁਲਸ ਅਧਿਕਾਰੀ ਏਅਸਆਈ ਜਗਤਾਰ ਸਿੰਘ ਥਾਣਾ ਭਵਾਨੀਗੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਧਿਆਨ ਦੇ ਵਿੱਚ ਵੀ ਇਹ ਵੀਡੀਓ ਆਈ ਹੈ ਅਤੇ ਪੁਲਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵੀਡੀਓ 'ਚ ਬੇਸੁੱਧ ਹੋਏ ਨੌਜਵਾਨ ਦੀ ਉਕਤ ਵੀਡੀਓ ਥਾਣਾ ਭਵਾਨੀਗੜ ਅਧੀਨ ਪੈੰਦੇ ਪਿੰਡ ਰਾਜਪੁਰਾ ਮਸਾਨੀ ਦੀ ਹੈ। ਜਿਸ ਸਬੰਧੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਇਲਾਕੇ ਦੇ ਪਿੰਡਾਂ ਜੌਲੀਆਂ ਅਤੇ ਖੇੜੀ ਗਿੱਲਾਂ ਵਿੱਚ ਨਜ਼ਰ ਰੱਖੀ ਹੋਈ ਹੈ ਤੇ ਛਾਪਾਮਾਰੀ ਕੀਤੀ ਜਾ ਰਹੀ ਹੈ ਤੇ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀ ਜਾਵੇਗਾ।
ਨੌਜਵਾਨ ਦੀ ਵਾਇਰਲ ਹੋ ਰਹੀ ਵੀਡੀਓ ਦਾ ਸਕ੍ਰੀਨ ਸ਼ਾਟ।