ਕੁਰਕੀ ਕਰਨ ਪਹੁੰਚੇ ਅਧਿਕਾਰੀ ਬੇਰੰਗ ਪਰਤੇ
ਕਿਸਾਨ ਯੂਨੀਅਨ ਦਾ ਵਿਰੋਧ, ਪ੍ਰਸ਼ਾਸ਼ਨ ਖਿਲਾਫ਼ ਕੀਤੀ ਨਾਅਰੇਬਾਜੀ

ਭਵਾਨੀਗੜ੍ਹ, 26 ਦਸੰਬਰ (ਗੁਰਵਿੰਦਰ ਸਿੰਘ): ਪਿੰਡ ਪੰਨਵਾਂ ਵਿੱਚ ਇੱਕ ਮ੍ਰਿਤਕ ਕਿਸਾਨ ਦੇ ਜ਼ਮੀਨ ਦੀ ਕੁਰਕੀ ਕਰਨ ਗਏ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਕੋਈ ਕਾਰਵਾਈ ਕੀਤੇ ਬਿਨ੍ਹਾਂ ਉੱਥੋਂ ਮੁੜਨਾ ਪਿਆ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਦੱਸਿਆ ਕਿ ਵੀਰਵਾਰ ਨੂੰ ਪਿੰਡ ਪੰਨਵਾਂ ਵਿਖੇ ਕਿਸਾਨ ਰਾਜ ਕੁਮਾਰ ਪੁੱਤਰ ਸਰੂਪ ਦਾਸ ਜਿਸਦੀ ਮੌਤ ਹੋ ਚੁੱਕੀ ਹੈ, ਦੀ ਜਮੀਨ ਦੀ ਅੱਜ ਨਾਇਬ ਤਹਿਸੀਲਦਾਰ ਭਵਾਨੀਗੜ ਸਮੇਤ ਹੋਰ ਅਧਿਕਾਰੀ ਕੁਰਕੀ ਕਰਨ ਪਹੁੰਚੇ ਸਨ। ਇਸ ਤੋਂ ਪਹਿਲਾਂ ਕਿਸਾਨ ਯੂਨੀਅਨ ਨੂੰ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਭਿਣਕ ਪਈ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਪਿੰਡ ਵਿੱਚ ਧਰਨੇ 'ਤੇ ਬੈਠ ਗਏ ਤੇ ਪ੍ਰਸ਼ਾਸ਼ਨ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਕਿਸਾਨਾਂ ਨੇ ਕੁਰਕੀ ਦੀ ਕਾਰਵਾਈ ਕਰਨ ਲਈ ਪਹੁੰਚਣ ਵਾਲੇ ਅਧਿਕਾਰੀਆਂ ਦੇ ਘਿਰਾਓ ਕਰਨ ਦਾ ਅਲਾਣ ਕਰ ਦਿੱਤਾ। ਜਿਸ ਤੇ ਅਧਿਕਾਰੀ ਬਰੰਗ ਵਾਪਸ ਮੁੜ ਗਏ। ਯੂਨੀਅਨ ਆਗੂਆਂ ਨੇ ਆਖਿਆ ਕਿ ਮ੍ਰਿਤਕ ਕਿਸਾਨ ਦੀ ਜਮੀਨ ਦੀ ਕੁਰਕੀ ਕਿਸੇ ਵੀ ਕੀਮਤ 'ਤੇ ਨਹੀ ਹੋਣ ਦਿੱਤੀ ਜਾਵੇਗੀ। ਇਸ ਮੌਕੇ ਗਮਦੂਰ ਸਿੰਘ ਦਿਆਲਗੜ੍ਹ ਇਕਾਈ ਪ੍ਰਧਾਨ, ਜੋਗਿੰਦਰ ਸਿੰਘ ਆਲੋਅਰਖ, ਨਿਰਭੇੈ ਸਿੰਘ, ਸੁਖਵਿੰਦਰ ਸਿੰਘ, ਕਮਲ ਪੰਨਵਾਂ, ਜਗਦੇਵ ਸਿੰਘ, ਕਰਮ ਚੰਦ ਪੰਨਵਾਂ, ਨਾਜਰ ਸਿੰਘ, ਨਿਰਮਲ ਦਾਸ, ਵੀਰ ਚੱਕਰ, ਸੁਰਿੰਦਰ ਸਿੰਘ ਦਿਆਲਗੜ ਸਮੇਤ ਯੂਨੀਅਨ ਆਗੂ ਤੇ ਕਿਸਾਨ ਹਾਜ਼ਰ ਸਨ।
ਪਿੰਡ ਪੰਨਵਾਂ ਵਿਖੇ ਕੁਰਕੀ ਖਿਲਾਫ਼ ਪ੍ਰਦਰਸ਼ਨ ਕਰਦੇ ਕਿਸਾਨ।