ਕੜਾਕੇ ਦੀ ਠੰਡ 'ਚ ਪੱਕੇ ਮੋਰਚੇ 'ਤੇ ਬੈਠੇ ਨੇ ਕਿਸਾਨ
ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ, ਥਾਣੇ ਦਾ ਕੀਤਾ ਮੁਕੰਮਲ ਘਿਰਾਓ

ਭਵਾਨੀਗੜ, 4 ਜਨਵਰੀ (ਗੁਰਵਿੰਦਰ ਸਿੰਘ): ਪਰਾਲੀ ਸਾੜਨ 'ਤੇ ਕੀਤੇ ਗਏ ਪਰਚਿਆਂ ਨੂੰ ਬਿਨਾਂ ਸ਼ਰਤ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਤੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ 'ਚ ਪਿਛਲੇ ਦੋ ਦਿਨਾਂ ਤੋਂ ਭਵਾਨੀਗੜ੍ਹ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਦਿੱਤਾ ਜਾ ਰਿਹਾ ਧਰਨਾ ਸ਼ਨੀਵਾਰ ਨੂੰ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਰੋਹ ਵਿੱਚ ਆਈ ਕਿਸਾਨ ਜਥੇਬੰਦੀ ਵੱਲੋਂ ਥਾਣੇ ਦਾ ਮੁਕੰਮਲ ਤੌਰ 'ਤੇ ਘਿਰਾਓ ਕਰਦਿਆਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੰਗਾਂ ਨੂੰ ਲੈ ਕੇ ਦੋ ਦਿਨਾਂ ਤੋਂ ਕੜਾਕੇ ਦੀ ਠੰਡ ਵਿੱਚ ਦਿਨ ਰਾਤ ਦਾ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ ਦੀ ਹੁਣ ਤੱਕ ਕਿਸੇ ਵੀ ਅਧਿਕਾਰੀ ਨੇ ਗੱਲ ਨਹੀਂ ਸੁਣੀ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਥਾਣੇ ਦੇ ਦੋਵੇਂ ਗੇਟਾਂ ਦਾ ਘਿਰਾਓ ਕੀਤਾ ਗਿਆ ਹੈ। ਇਸ ਮੌਕੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਤੋਂ ਹੀ ਸਰਕਾਰ ਦੀਆਂ ਲੋਕ ਦੋਖੀ ਤੇ ਗ਼ਲਤ ਖੇਤੀ ਨੀਤੀਆਂ ਕਾਰਨ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਸਿਰ ਕਰਜ਼ੇ ਦੀਆਂ ਪੰਡਾਂ ਹੋਰ ਭਾਰੀ ਹੁੰਦੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਝੋਨੇ ਦੀ ਪਰਾਲੀ ਸਾੜਣ ਤੇ ਸਰਕਾਰ ਵੱਲੋਂ ਜੇਕਰ ਪਰਚੇ ਕਰਨ ਦੀ ਥਾਂ ਤੇ ਕਿਸਾਨਾਂ ਨੂੰ ਪਰਾਲੀ ਦਾ ਕੋਈ ਠੋਸ ਹੱਲ ਉਪਲੱਬਧ ਕਰਵਾਇਆ ਹੁੰਦਾ ਤਾਂ ਅੱਜ ਸਾਨੂੰ ਸੜਕਾਂ 'ਤੇ ਧਰਨੇ ਲਾਉਣ ਦੀ ਲੋੜ ਨਹੀਂ ਪੈੰਦੀ ਸੀ ਪਰ ਇਥੋਂ ਦੀਆਂ ਸਰਕਾਰਾਂ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰਦੀਆਂ ਆਈਆਂ ਹਨ। ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ 'ਤੇ ਕੀਤੇ ਗਏ ਪਰਚਿਆਂ ਨੂੰ ਹਰ ਹਾਲ ਚ ਬਿਨਾਂ ਕਿਸੇ ਸ਼ਰਤ ਦੇ ਰੱਦ ਕਰਵਾ ਕੇ ਰਹਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਤੋਲੇਵਾਲ, ਗੁਰਵਿੰਦਰ ਸਿੰਘ ਮੰਗਵਾਲ, ਹਰਬੰਸ ਸਿੰਘ ਲੱਡਾ, ਦਰਸ਼ਨ ਸਿੰਘ ਸ਼ਾਦੀਹਰੀ, ਗੁਰਮੇਲ ਪ੍ਰਧਾਨ ਸਿੰਘ ਕੈਂਪਰ, ਮਾਣਕ ਸਿੰਘ ਕਣਕਵਾਲ, ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ, ਰਘਵੀਰ ਸਿੰਘ ਘਰਾਚੋਂ, ਗੁਰਦੇਵ ਸਿੰਘ ਆਲੋਅਰਖ, ਸੁਖਵਿੰਦਰ ਸਿੰਘ ਬਲਿਆਲ, ਜਗਤਾਰ ਸਿੰਘ ਲੱਡੀ, ਜਸਵੀਰ ਸਿੰਘ ਗੱਗੜਪੁਰ ਆਦਿ ਆਗੂ ਹਾਜਰ ਸਨ।