ਕੀ ਢੀਂਡਸਾ ਪਰਿਵਾਰ ਦਾ ਪੈਂਤੜਾ ਬਾਦਲ ਪਰਿਵਾਰ ਲਈ ਹੋਵੇਗਾ ਵੰਗਾਰ ਸਾਬਤ ?
ਕੀ ਹੋਵੇਗੀ ਜਿਲਾ ਸੰਗਰੂਰ ਚੋ ਅਕਾਲੀ ਦਲ ਬਾਦਲ ਦੀ ਰਵਾਨਗੀ ..?

ਅਕਾਲੀ ਦਲ ਦੀ 1920 ਵਿਚ ਸਥਾਪਨਾ ਤੋਂ ਬਾਅਦ ਹੀ ਧੜੇਬੰਦੀ ਸ਼ੁਰੂ ਹੋ ਗਈ ਸੀ ਜੋ ਬਾਕਾਇਦਾ ਜਾਰੀ ਹੈ। ਧੜੇਬੰਦੀ ਦੇ ਕਾਰਨ ਆਮ ਤੌਰ ਤੇ ਨੇਤਾਵਾਂ ਦੇ ਵਿਅਕਤੀਗਤ ਕਲੇਸ ਜਾਂ ਹਓਮੇਂ ਹੁੰਦੀ ਸੀ। ਇਸ ਵਾਰ ਦੀ ਧੜੇਬੰਦੀ ਸਿੱਖ ਧਰਮ ਦੇ ਪਵਿਤਰ ਗੰਥ ਜਿਸਨੂੰ ਗੁਰਬਾਣੀ ਵਿਚ ਸਿੱਖਾਂ ਲਈ ਗੁਰੂ ਦਾ ਦਰਜਾ ਦਿੱਤਾ ਗਿਆ ਉਸਦੀ ਬੇਅਦਬੀ ਕਰਕੇ ਹੁੰਦੀ ਲੱਗਦੀ ਹੈ। ਅਕਾਲੀ ਦਲ ਵਿਚ ਬਗਾਬਤ ਦੀ ਅੱਗ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੀ ਸੁਲਗਣ ਲੱਗ ਗਈ ਸੀ। ਬਗਾਬਤ ਦਾ ਧੂੰਆਂ ਤਾਂ ਨਿਕਲ ਰਿਹਾ ਸੀ ਪੰਤੂ ਭਾਂਬੜ ਬਣਕੇ ਮੱਚ ਨਹੀਂ ਸੀ ਰਹੀ। ਹੁਣ ਹਾਲਾਤ ਬਣਦੇ ਜਾ ਰਹੇ ਹਨ ਕਿ ਇਹ ਸਿਆਸੀ ਭਾਂਬੜ ਅਕਾਲੀ ਦਲ ਉਪਰ ਕਾਬਜ਼ ਬਾਦਲ ਪਰਿਵਾਰ ਦਾ ਤਖ਼ਤੇ ਤਾਊਸ ਪਲਟਣ ਦੇ ਰੌਂ ਵਿਚ ਹਨ। ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸੰਜਮ ਤੋਂ ਕੰਮ ਲੈ ਰਹੀ ਸੀ ਕਿਉਂਕਿ ਜਿਹੜਾ ਵੀ ਮਾੜੇ ਮੋਟੇ ਗੁੱਸੇ ਦੇ ਤੇਵਰ ਵਿਖਾਉਂਦਾ ਸੀ, ਉਸਨੂੰ ਸਿਆਸੀ ਤਾਕਤ ਦਾ ਘਾਹ ਪਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਸੀ। ਸ਼ਰੋਮਣੀ ਅਕਾਲੀ ਦਲ ਦੀ ਸਿਆਸਤ ਉਪਰ ਪਿਛਲੇ ਪੰਜ ਦਹਾਕਿਆਂ ਤੋਂ ਭਾਰੂ ਰਹੇ ਸ ਪਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਪਹਿਲੀ ਵਾਰ ਢੀਂਡਸਾ ਪਰਿਵਾਰ ਦੇ ਪੈਂਤੜੇ ਨਾਲ ਆਪਣੇ ਅਸਤਿਤਵ ਨੂੰ ਬਚਾਉਣ ਦੇ ਲਾਲੇ ਪੈ ਗਏ ਹਨ। ਸ਼ਰੋਮਣੀ ਅਕਾਲੀ ਦਲ ਦਾ ਇਤਿਹਾਸ ਦੱਸਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਧੜਿਆਂ ਵਿਚ ਵੰਡੇ ਹੋਏ ਅਕਾਲੀ ਦਲ ਵਿਚੋਂ ਇਕ ਧੜੇ ਨੂੰ ਹੀ ਸਿਆਸੀ ਤਾਕਤ ਦਿੱਤੀ ਹੈ ਅਜੇ ਤੱਕ ਵੰਡਵੀਂ ਤਾਕਤ ਨਹੀਂ ਦਿੱਤੀ।ਪਰਕਾਸ਼ ਸਿੰਘ ਬਾਦਲ ਨੇ ਜਦੋਂ ਤੋਂ ਅਕਾਲੀ ਦਲ ਦੀ ਵਾਗ ਡੋਰ ਆਪਣੇ ਸਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੰਭਾਲ ਦਿੱਤੀ, ਉਸ ਦਿਨ ਤੋਂ ਸੀਨੀਅਰ ਨੇਤਾ ਖ਼ਾਰ ਖਾਣ ਲੱਗ ਪਏ ਸਨ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਕੰਮ ਕਰਨ ਦਾ ਢੰਗ ਵਿਓਪਾਰਕ ਅਤੇ ਬਚਕਾਨਾ ਸੀ। ਸੁਖਬੀਰ ਸਿੰਘ ਬਾਦਲ ਨੇ ਬਜ਼ੁਰਗਾਂ ਦੀ ਥਾਂ ਉਨਾਂ ਦੇ ਹੀ ਨੌਜਵਾਨ ਸਪੁੱਤਰਾਂ ਨੂੰ ਮੂਹਰੇ ਕਰ ਲਿਆ ਸੀ। ਰਿਓੜੀਆਂ ਨੌਜਵਾਨਾ ਨੂੰ ਵੰਡ ਦਿੱਤੀਆਂ। ਉਨਾਂ ਨੌਜਵਾਨਾ ਨੂੰ ਇਸ ਆਸ ਨਾਲ ਅੱਗੇ ਕੀਤਾ ਸੀ ਕਿ ਉਹ ਉਸ ਦੀ ਅਗਵਾਈ ਨੂੰ ਵੰਗਾਰਨਗੇ ਨਹੀਂ ਅਤੇ ਆਪਣੇ ਮਾਪਿਆਂ ਨੂੰ ਸੁਖਬੀਰ ਦਾ ਵਿਰੋਧ ਕਰਨ ਤੋਂ ਰੋਕਣਗੇ ਪੰਤੂ ਪਰਮਿੰਦਰ ਸਿੰਘ ਢੀਂਡਸਾ ਤੇ ਉਹ ਫਾਰਮੂਲਾ ਲਾਗੂ ਨਹੀਂ ਕਰ ਸਕੇ। ਸੀਨੀਅਰ ਨੇਤਾ ਯੋਗ ਸਮੇਂ ਦੀ ਉਡੀਕ ਕਰ ਰਹੇ ਸਨ। ਭਾਵੇਂ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਦੀ ਸਿਆਸਤ ਵਿਚ ਸਿਆਸੀ ਤੂਫ਼ਾਨ ਵਰਗੇ ਹਾਲਾਤ ਬਣਦੇ ਰਹੇ ਹਨ ਪੰਤੂ ਕੋਈ ਵੀ ਤੂਫ਼ਾਨ ਅਕਾਲੀ ਸਿਆਸਤ ਦੇ ਬਾਬਾ ਬੋਹੜ ਸ ਪਰਕਾਸ਼ ਸਿੰਘ ਬਾਦਲ ਦਾ ਵਾਲ ਵਿੰਗਾ ਨਹੀਂ ਕਰ ਸਕਿਆ। ਜਿਹੜਾ ਵੀ ਨੇਤਾ ਪਰਕਾਸ਼ ਸਿੰਘ ਬਾਦਲ ਵਿਰੁਧ ਬੋਲਿਆ, ਉਸਨੂੰ ਬਾਦਲ ਨੇ ਮੱਖਣ ਵਿਚੋਂ ਵਾਲ ਦੀ ਤਰਾਂ ਅਕਾਲੀ ਦਲ ਵਿਚੋਂ ਕੱਢ ਕੇ ਮਾਰਿਆ। ਸਤੰਬਰ 2018 ਵਿਚ ਅਚਾਨਕ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਪਾਰਟੀ ਦੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ। ਪਰਕਾਸਸ਼ ਸਿੰਘ ਬਾਦਲ ਉਸਨੂੰ ਮਨਾਉਣ ਢੀਂਡਸਾ ਦੇ ਘਰ ਗਿਆ ਪੰਤੂ ਉਸਦੀਆਂ ਸਾਰੀਆਂ ਕੋਸ਼ਿਸਾਂ ਨਾਕਾਮ ਹੋ ਗਈਆਂ ਪੰਤੂ ਉਸਦਾ ਲੜਕਾ ਪਰਮਿੰਦਰ ਸਿੰਘ ਢੀਂਡਸਾ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਦਲ ਦੇ ਵਿਰੋਧੀ ਧਿਰ ਦੇ ਲੀਡਰ ਵਜੋਂ ਕੰਮ ਕਰਦੇ ਰਹੇ ਅਤੇ ਲੋਕ ਸਭਾ ਦੀ ਚੋਣ ਸੰਗਰੂਰ ਤੋਂ ਅਕਾਲੀ ਦਲ ਦੇ ਟਿਕਟ ਤੇ ਲੜੇ। 26 ਜਨਵਰੀ 2019 ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਨ ਦੇਣ ਦਾ ਐਲਾਨ ਕਰ ਦਿੱਤਾ। ਇਸ ਸਨਮਾਨ ਨਾਲ ਪੰਜਾਬ ਦੇ ਲੋਕਾਂ ਨੂੰ ਸ਼ੱਕ ਹੋ ਗਈ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਬਦਲਵੇਂ ਲੀਡਰ ਦੇ ਤੌਰ ਤੇ ਵੇਖ ਰਹੀ ਹੈ। ਇਥੇ ਹੀ ਬਸ ਨਹੀਂ ਸੁਖਦੇਵ ਸਿੰਘ ਢੀਂਡਸਾ ਨੇ 19 ਅਕਤੂਬਰ 2019 ਨੂੰ ਅਕਾਲੀ ਦਲ ਦੇ ਰਾਜ ਸਭਾ ਦੇ ਨੇਤਾ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ। ਹੁਣ ਜਦੋਂ ਸ਼ਰੋਮਣੀ ਅਕਾਲੀ ਦਲ ਦਾ 100 ਵਾਂ ਸਥਾਪਨਾ ਦਿਵਸ ਮਨਾਇਆ ਗਿਆ ਤਾਂ ਪਰਮਿੰਦਰ ਸਿੰਘ ਢੀਂਡਸਾ ਵੀ ਉਸ ਵਿਚ ਸ਼ਾਮਲ ਨਹੀਂ ਹੋਏ, ਜਿਸ ਤੋਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਵੀ ਆਪਣੇ ਪਿਤਾ ਦੇ ਨਾਲ ਜਾਵੇਗਾ। ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਟਕਸਾਲੀ ਦੀ ਸਟੇਜ ਤੇ ਪਹੁੰਚ ਗਿਆ। ਤਿੰਨ ਜਨਵਰੀ 202 ਨੂੰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਜਿਸ ਨਾਲ ਸ਼ਰੋਮਣੀ ਅਕਾਲੀ ਦਲ ਵਿਚ ਤਰਥੱਲੀ ਮੱਚ ਗਈ। ਹੁਣ ਅਕਾਲੀ ਦਲ ਦੇ ਵਰਕਰਾਂ ਨੂੰ ਆਸ ਬੱਝੀ ਹੈ ਕਿ ਉਨਾਂ ਦਾ ਖਹਿੜਾ ਬਾਦਲ ਪਰਿਵਾਰ ਤੋਂ ਛੁੱਟ ਜਾਵੇਗਾ। ਸਿੱਖ ਜਗਤ ਦੀਆਂ ਨਿਗਾਹਾਂ ਹੁਣ ਅਕਾਲੀ ਦਲ ਟਕਸਾਲੀ ਵਲ ਹਨ। ਸੁਖਦੇਵ ਸਿੰਘ ਢੀਂਡਸਾ ਦੇ ਫੈਸਲੇ ਤੋਂ ਬਾਅਦ ਅਕਾਲੀ ਦਲ ਦੇ ਵਰਕਰ ਕੀ ਫੈਸਲਾ ਕਰਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ ਪੰਤੂ ਇਕ ਵਾਰ ਤਾਂ ਢੀਂਡਸਾ ਪਰਿਵਾਰ ਦੇ ਪੈਂਤੜੇ ਨਾਲ ਤਾਂ ਬਾਦਲ ਪਰਿਵਾਰ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਲੱਗਦੀਆਂ ਹਨ ਕਿਉਂਕਿ ਇਹ ਸਿਆਸੀ ਤੂਫ਼ਾਨ ਨਹੀਂ ਸਗੋਂ ਇਹ ਤਾਂ ਸਿਆਸੀ ਸੁਨਾਮੀ ਹੈ। ਇਸ ਤੋਂ ਪਹਿਲਾਂ ਜਿਤਨੀ ਵਾਰ ਅਜਿਹੇ ਹਾਲਾਤ ਬਣੇ, ਉਹ ਸਿਰਫ ਅਕਾਲੀ ਸਿਆਸਤਦਾਨਾ ਵੱਲੋਂ ਸਿਆਸੀ ਕੁਰਸੀ ਪਾਪਤ ਕਰਨ ਜਾਂ ਆਪੋ ਆਪਣੀ ਸਰਬਉਚਤਾ ਬਣਾਈ ਰੱਖਣ ਦੇ ਉਪਰਾਲੇ ਵਜੋਂ ਸਮਝੇ ਜਾਂਦੇ ਸਨ। ਇਸ ਵਾਰ ਇਹ ਸਿਆਸੀ ਸੁਨਾਮੀ ਸੀ ਗੁਰੂ ਗੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਸ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੀ ਸਰਕਾਰ ਹੋਣ ਅਤੇ ਅਕਾਲੀ ਸਰਕਾਰ ਵੱਲੋਂ ਕੋਈ ਸਾਰਥਿਕ ਕਦਮ ਨਾ ਚੁੱਕਣ ਦੇ ਵਿਰੋਧ ਵਿਚ ਆਈ ਹੈ। ਏਥੇ ਹੀ ਬਸ ਨਹੀਂ ਸਗੋਂ ਸਿੱਖ ਸੰਸਥਾਵਾਂ ਨੂੰ ਰਾਜਨੀਤਕ ਹਿਤਾਂ ਲਈ ਵਰਤਕੇ ਰਾਜ ਪਬੰਧ ਉਪਰ ਕਾਬਜ਼ ਰਹਿਣ ਲਈ ਵਰਤੇ ਢੰਗ ਤਰੀਕਿਆਂ ਦਾ ਮਸਲਾ ਵੀ ਹੈ। ਇਉਂ ਲੱਗਦਾ ਹੈ ਕਿ ਢੀਂਡਸਾ ਪਰਿਵਾਰ ਦੀ ਅਗਵਾਈ ਵਿਚ ਇਹ ਕਦਮ ਸਿੱਖ ਧਰਮ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਅਸੂਲਾਂ ਦੀ ਲੜਾਈ ਦੇ ਤੌਰ ਤੇ ਸਮੂਹ ਸਿੱਖ ਸੰਗਤ ਦੀ ਲੜਾਈ ਹੋ ਨਿਬੜੇਗੀ